View in English:
September 15, 2024 10:46 am

ਅੰਮ੍ਰਿਤਸਰ : ਸਾਰਾਗੜ੍ਹੀ ਨਿਵਾਸ ਦੀ ਬੁਕਿੰਗ ਦੇ ਨਾਂ ‘ਤੇ ਮੁੜ ਹੋਈ ਠੱਗੀ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ , ਸਤੰਬਰ 2

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਾਰਾਗੜ੍ਹੀ ਨਿਵਾਸ ਦੀ ਬੁਕਿੰਗ ਦੇ ਨਾਂ ’ਤੇ ਸ਼ਰਧਾਲੂਆਂ ਨੂੰ ਠੱਗਣ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਹੋ ਗਿਆ ਹੈ। ਐੱਸਜੀਪੀਸੀ ਦੇ ਮੈਨੇਜਰ ਭਗਵੰਤ ਸਿੰਘ ਵਲੋਂ ਸ਼ਨੀਵਾਰ ਦੇਰ ਸ਼ਾਮ ਥਾਣਾ ਕੋਤਵਾਲੀ ਵਿਚ ਅਣਪਛਾਤੇ ਸਾਈਬਰ ਠੱਗਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ।

ਸਾਰਾਗੜ੍ਹੀ ਨਿਵਾਸ ਦੀ ਬੁਕਿੰਗ ਲਈ ਬਣਾਈ ਜਾਅਲੀ ਵੈੱਬਸਾਈਟ ਨੂੰ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਆਈਟੀ ਵਿੰਗ ਵੱਲੋਂ ਬੰਦ ਕਰਵਾਇਆ ਸੀ, ਜਿਸ ਦੇ ਸਿੱਟੇ ਵਜੋਂ ਕਈ ਮਹੀਨਿਆਂ ਤੱਕ ਮਾਮਲਾ ਸ਼ਾਂਤ ਰਹਿਣ ਤੋਂ ਬਾਅਦ ਠੱਗਾਂ ਨੇ ਮੁੜ ਆਨਲਾਈਨ ਧੋਖਾਧੜੀ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਈਟੀ ਵਿੰਗ ਵੱਲੋਂ ਕੀਤੀ ਗਈ ਜਾਂਚ ਵਿਚ 100 ਸ਼ਰਧਾਲੂਆਂ ਤੋਂ 10 ਤੋਂ 12 ਲੱਖ ਰੁਪਏ ਦੀ ਠੱਗੀ ਦਾ ਖੁਲਾਸਾ ਹੋਇਆ ਸੀ, ਜੋ ਕਿ ਕਿਊਆਰ ਕੋਡ ਨੂੰ ਸਕੈਨ ਕਰਨ ਦਾ ਝਾਂਸਾ ਦੇ ਕੇ ਸੰਗਤਾਂ ਦੇ ਬੈਂਕ ਖਾਤੇ ਪੂਰੀ ਤਰ੍ਹਾਂ ਖਾਲੀ ਕਰ ਲੈਂਦੇ ਸਨ। 23 ਤੋਂ 31 ਅਗਸਤ ਤੱਕ ਅਜਿਹੇ 10 ਤੋਂ ਵੱਧ ਮਾਮਲੇ ਮੁੜ ਸਾਹਮਣੇ ਆਏ ਹਨ, ਇਸ ਵਾਰ ਧੋਖੇਬਾਜ਼ਾਂ ਨੇ ਸਾਰਾਗੜ੍ਹੀ ਹੋਟਲਜ਼ ਡਾਟ ਕਾਮ ਦੇ ਨਾਂ ‘ਤੇ ਫਰਜ਼ੀ ਪੋਰਟਲ ਬਣਾ ਲਿਆ ਹੈ। ਉਨ੍ਹਾਂ ਤੋਂ ਬੁਕਿੰਗ ਦੇ ਨਾਂ ‘ਤੇ 50 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਵਸੂਲੀ ਗਈ ਹੈ। ਰੂਮ ਬੁਕਿੰਗ ਦੇ ਨਾਂ ’ਤੇ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ‘ਚ ਦਿੱਲੀ, ਜੰਮੂ ਅਤੇ ਮੁੰਬਈ ਰਾਜਾਂ ਦੇ ਲੋਕ ਸ਼ਾਮਿਲ ਹਨ। ਹਾਲਾਂਕਿ ਕਮਰਿਆਂ ਦੀ ਆਨਲਾਈਨ ਬੁਕਿੰਗ ਦੀ ਵਿਵਸਥਾ ਸਿਰਫ ਸਾਰਾਗੜ੍ਹੀ ਨਿਵਾਸ ’ਚ ਹੀ ਹੈ, ਪਰ ਧੋਖੇਬਾਜ਼ ਸ਼੍ਰੀ ਗੁਰੂ ਅਰਜਨ ਦੇਵ ਜੀ ਸਰਾਂ ਦੇ ਨਾਂ ‘ਤੇ ਆਨਲਾਈਨ ਬੁਕਿੰਗ ਵੀ ਕਰ ਰਹੇ ਹਨ, ਜਦਕਿ ਉਕਤ ਸਰਾਂ ਦੀ ਆਨਲਾਈਨ ਬੁਕਿੰਗ ਨਹੀਂ ਹੈ।

ਭਗਵੰਤ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਨੇ ਕਿਹਾ ਕਿ ਜਾਅਲੀ ਵੈੱਬਸਾਈਟਾਂ ਬਣਾ ਕੇ ਬੁਕਿੰਗ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਹੋ ਗਿਆ ਹੈ, ਧੋਖੇਬਾਜ਼ ਠੱਗੀ ਤੋਂ ਬਾਜ ਨਹੀਂ ਆ ਰਹੇ, ਜਿਸ ਕਾਰਨ ਸ਼ਰਧਾਲੂਆਂ ਨੂੰ ਇੱਥੇ ਆ ਕੇ ਬੁਕਿੰਗ ਦੀਆਂ ਜਾਅਲੀ ਰਸੀਦਾਂ ਦਿਖਾ ਕੇ ਪ੍ਰੇਸ਼ਾਨ ਹੋਣਾ ਪੈਂਦਾ ਹੈ। ਅਸਲ ‘ਚ ਉਨ੍ਹਾਂ ਦੀ ਬੁਕਿੰਗ ਨਹੀਂ ਕੀਤੀ ਗਈ ਹੁੰਦੀ। ਸ਼ਨੀਵਾਰ ਦੇਰ ਸ਼ਾਮ ਠੱਗਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *

View in English