ਫੈਕਟ ਸਮਾਚਾਰ ਸੇਵਾ
ਦੀਮਾ ਹਸਾਓ , ਜਨਵਰੀ 8
ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਉਮਰਾਂਗਸੋ ਵਿੱਚ 300 ਫੁੱਟ ਡੂੰਘੀ ਕੋਲੇ ਦੀ ਖਾਨ ਵਿੱਚ 9 ਮਜ਼ਦੂਰ ਪਿਛਲੇ 48 ਘੰਟਿਆਂ ਤੋਂ ਫਸੇ ਹੋਏ ਹਨ। ਇਸ ਦੇ ਨਾਲ ਹੀ ਤਾਜ਼ਾ ਜਾਣਕਾਰੀ ਅਨੁਸਾਰ ਉਮਰਾਂਗਸੋ ਇਲਾਕੇ ਦੀ 3 ਕਿਲੋ ਕੋਲੇ ਦੀ ਖਾਨ ਵਿੱਚੋਂ ਇੱਕ ਲਾਸ਼ ਬਰਾਮਦ ਹੋਈ ਹੈ। ਖੋਜ ਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।
ਦਰਅਸਲ 6 ਜਨਵਰੀ ਨੂੰ ਖਾਨ ਵਿੱਚ ਅਚਾਨਕ ਪਾਣੀ ਭਰ ਗਿਆ ਸੀ। ਮਜ਼ਦੂਰਾਂ ਦੇ ਰੈਸਕਿਊ ਲਈ ਫ਼ੌਜ ਨੂੰ ਲਗਾਇਆ ਗਿਆ ਹੈ। ਮੰਗਲਵਾਰ ਰਾਤ ਆਪਰੇਸ਼ਨ ਰੋਕ ਦਿੱਤਾ ਗਿਆ ਸੀ। ਸਵੇਰੇ ਮੁੜ ਤੋਂ ਰੈਸਕਿਊ ਸ਼ੁਰੂ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸੈਨਾ, ਅਸਾਮ ਰਾਈਫਲਜ਼, ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ. ਟੀਮਾਂ ਤੇ ਹੋਰ ਏਜੰਸੀਆਂ ਦਾ ਸਾਂਝਾ ਬਚਾਅ ਕਾਰਜ ਸੋਮਵਾਰ – 6 ਜਨਵਰੀ ਨੂੰ 3 ਕਿੱਲੋ, ਉਮਰਾਂਗਸੋ ਖੇਤਰ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਫਸੇ 9 ਲੋਕਾਂ ਨੂੰ ਬਚਾਉਣ ਲਈ ਮੁੜ ਸ਼ੁਰੂ ਕੀਤਾ ਗਿਆ ਹੈ। ਖਾਨ ਵਿੱਚ ਕੰਮ ਕਰਨ ਵਾਲੇ ਇਕ ਮਾਈਨਰ, ਜਿਸ ਦਾ ਭਰਾ ਵੀ ਫਸਿਆ ਹੋਇਆ ਹੈ। ਉਸ ਨੇ ਕਿਹਾ, ਅਚਾਨਕ ਲੋਕ ਰੌਲਾ ਪਾਉਣ ਲੱਗੇ ਕਿ (ਖਾਨ ਵਿੱਚ) ਪਾਣੀ ਭਰ ਰਿਹਾ ਹੈ। 30-35 ਲੋਕ ਬਾਹਰ ਆ ਗਏ ਪਰ 15-16 ਲੋਕ ਅੰਦਰ ਹੀ ਫਸ ਗਏ।
ਦੀਮਾ ਹਸਾਓ ਜ਼ਿਲ੍ਹੇ ਦੇ ਐੱਸਪੀ ਮਯੰਕ ਝਾਅ ਨੇ ਦੱਸਿਆ ਕਿ ਖਾਨ ਵਿੱਚ ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਚਸ਼ਮਦੀਦਾਂ ਦੇ ਬਿਆਨਾਂ ਅਨੁਸਾਰ ਅਚਾਨਕ ਪਾਣੀ ਆ ਗਿਆ, ਜਿਸ ਕਾਰਨ ਮਜ਼ਦੂਰ ਖਾਨ ਵਿੱਚੋਂ ਬਾਹਰ ਨਹੀਂ ਆ ਸਕੇ।