ਅਮਰੀਕਾ ਦੁਆਰਾ 2 ਮਈ 2011 ਨੂੰ ਪਾਕਿਸਤਾਨ ਦੇ ਐਬਟਾਬਾਦ ਵਿੱਚ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਮਾਰਨ ਦੀ ਘਟਨਾ ਨੇ ਦੁਨੀਆ ਭਰ ਵਿੱਚ ਸੁਰਖੀਆਂ ਬਟੋਰੀਆਂ ਸਨ। ਇਸ ਤੋਂ ਬਾਅਦ ਸਵਾਲ ਖੜ੍ਹਾ ਹੋਇਆ ਸੀ ਕਿ ਉਸ ਦੀਆਂ ਪਤਨੀਆਂ ਅਤੇ ਬੱਚਿਆਂ ਦਾ ਕੀ ਹੋਇਆ। ਇਸ ਦਾ ਜਵਾਬ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਸਾਬਕਾ ਬੁਲਾਰੇ ਫ਼ਰਹਤੁੱਲਾ ਬਾਬਰ ਨੇ ਆਪਣੀ ਕਿਤਾਬ ‘ਦ ਜ਼ਰਦਾਰੀ ਪ੍ਰੈਜ਼ੀਡੈਂਸੀ; ਨਾਓ ਇਟ ਮਸਟ ਬੀ ਟੋਲਡ‘ ਵਿੱਚ ਦਿੱਤਾ ਹੈ।
ਓਸਾਮਾ ਦੀਆਂ ਪਤਨੀਆਂ ਅਤੇ ਸੀਆਈਏ
ਬਾਬਰ ਨੇ ਆਪਣੀ ਕਿਤਾਬ ਵਿੱਚ ਦੱਸਿਆ ਕਿ ਓਸਾਮਾ ਦੀ ਮੌਤ ਤੋਂ ਬਾਅਦ, ਉਸਦੀਆਂ ਪਤਨੀਆਂ ਨੂੰ ਪਾਕਿਸਤਾਨੀ ਫ਼ੌਜ ਨੇ ਹਿਰਾਸਤ ਵਿੱਚ ਲੈ ਲਿਆ ਸੀ। ਪਰ ਕੁਝ ਸਮੇਂ ਬਾਅਦ, ਸੀਆਈਏ ਦੀ ਇੱਕ ਟੀਮ ਬਿਨਾਂ ਕਿਸੇ ਰੋਕ-ਟੋਕ ਦੇ ਪਾਕਿਸਤਾਨੀ ਫ਼ੌਜ ਦੀ ਐਬਟਾਬਾਦ ਛਾਉਣੀ ਵਿੱਚ ਦਾਖਲ ਹੋਈ ਅਤੇ ਉਨ੍ਹਾਂ ਔਰਤਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਬਾਬਰ ਨੇ ਇਸ ਘਟਨਾ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ ‘ਤੇ ਇੱਕ ਗੰਭੀਰ ਸਵਾਲ ਅਤੇ ਦੇਸ਼ ਲਈ ਇੱਕ “ਰਾਸ਼ਟਰੀ ਅਪਮਾਨ” ਦੱਸਿਆ।
ਪਾਕਿਸਤਾਨੀ ਸਰਕਾਰ ਦੀ ਬੇਬਸੀ
ਬਾਬਰ ਦੇ ਅਨੁਸਾਰ, ਅਮਰੀਕੀ ਏਜੰਟ ਪਾਕਿਸਤਾਨ ਵਿੱਚ ਖੁੱਲ੍ਹੇਆਮ ਕੰਮ ਕਰ ਰਹੇ ਸਨ, ਜਦੋਂ ਕਿ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਉਨ੍ਹਾਂ ਅੱਗੇ ਝੁਕਦੀ ਨਜ਼ਰ ਆਈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਮਰੀਕੀ ਏਜੰਸੀਆਂ ਨੂੰ ਬਹੁਤ ਪਹਿਲਾਂ ਤੋਂ ਪਤਾ ਸੀ ਕਿ ਓਸਾਮਾ ਉੱਥੇ ਲੁਕਿਆ ਹੋਇਆ ਸੀ ਅਤੇ ਉਨ੍ਹਾਂ ਕੋਲ ਉਸ ਠੇਕੇਦਾਰ ਦੀ ਜਾਣਕਾਰੀ ਵੀ ਸੀ ਜਿਸਨੇ ਉਸ ਲਈ ਘਰ ਬਣਾਇਆ ਸੀ।
ਇਸ ਘਟਨਾ ਤੋਂ ਬਾਅਦ, ਅਮਰੀਕਾ ਨੇ ਪਾਕਿਸਤਾਨ ਨੂੰ ਭਵਿੱਖ ਵਿੱਚ ਅਜਿਹੇ ਇਕਪਾਸੜ ਹਮਲੇ ਨਾ ਕਰਨ ਦਾ ਕੋਈ ਭਰੋਸਾ ਨਹੀਂ ਦਿੱਤਾ, ਜਿਸ ਕਾਰਨ ਪਾਕਿਸਤਾਨੀ ਸਰਕਾਰ ਨੂੰ ਦੁਨੀਆ ਭਰ ਵਿੱਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।