ਫੈਕਟ ਸਮਾਚਾਰ ਸੇਵਾ
ਅਟਾਰੀ, ਅਗਸਤ 16
ਭਾਰਤ-ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਬੀ.ਐਸ.ਐਫ. ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਰੋਜ਼ਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟਰੀਟ ਦਾ ਸਮਾਂ ਤਬਦੀਲ ਕੀਤਾ ਗਿਆ ਹੈ। ਬੀ.ਐਸ.ਐਫ. ਅਨੁਸਾਰ ਪਹਿਲਾਂ ਝੰਡੇ ਦੀ ਰਸਮ 6.30 ਤੋਂ ਸ਼ੁਰੂ ਹੋ ਕੇ 7 ਵਜੇ ਤੱਕ ਇਹ ਸੈਰੇਮਨੀ ਚੱਲਦੀ ਸੀ, ਹੁਣ ਗਰਮੀ ਤੋਂ ਤਬਦੀਲ ਹੋ ਰਹੇ ਮੌਸਮ ਦੇ ਮਦੇਨਜ਼ਰ ਅਟਾਰੀ ਸਰਹੱਦ ਉਤੇ ਪਾਕਿਸਤਾਨ ਰੇਂਜਰਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਝੰਡੇ ਦੀ ਰਸਮ ਦਾ ਸਮਾਂ 6 ਵਜੇ ਸ਼ਾਮ ਕੀਤਾ ਗਿਆ ਹੈ।
ਬੀ.ਐਸ.ਐਫ. ਅਨੁਸਾਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਅਟਾਰੀ ਸਰਹੱਦ ਉਤੇ ਝੰਡੇ ਦੀ ਰਸਮ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਹੈ ਕਿ ਉਹ ਸ਼ਾਮ 5 ਵਜੇ ਤੱਕ ਆਪਣੀਆਂ ਗੱਡੀਆਂ ਪਾਰਕਿੰਗ ਵਿਚ ਲਗਾ ਕੇ ਸਰਹੱਦ ਉਤੇ ਬਣੇ ਸਟੇਡੀਅਮ ਵਿਖੇ ਪੁੱਜਣ। ਇਸ ਦੌਰਾਨ ਇਹ ਵੀ ਦੱਸਣਯੋਗ ਹੈ ਕਿ ਸੈਲਾਨੀ ਭਾਰੇ ਬੈਗ, ਵੱਡੇ ਹੈਂਡ ਪਰਸ, ਇਲੈਕਟਰੋਨਿਕ ਚੀਜ਼ਾਂ ਨੂੰ ਵੀ ਆਪਣੀਆਂ ਗੱਡੀਆਂ ਵਿਚ ਹੀ ਰੱਖ ਕੇ ਆਉਣ ਦੀ ਅਪੀਲ ਕੀਤੀ ਗਈ ਹੈ।