ਜਲੰਧਰ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ 13 ਨਵੰਬਰ ਨੂੰ ਸਵੇਰੇ 10.30 ਵਜੇ ਸਮੂਹ ਅਧਿਕਾਰੀਆਂ ਅਤੇ ਸੀਨੀਅਰ ਲੀਡਰਸ਼ਿਪ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲਣਗੇ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦਿੱਤੀ ਹੈ।
ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਲਈ ਬੇਨਤੀ ਕਰਨਗੇ। ਕਿਉਂਕਿ ਵੋਟਾਂ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸਮੁੱਚਾ ਸਿੱਖ ਪੰਥ ਚਾਹੁੰਦਾ ਹੈ ਕਿ ਆਮ ਚੋਣਾਂ ਤੁਰੰਤ ਕਰਵਾਈਆਂ ਜਾਣ। ਜਿਸ ਕਾਰਨ 2011 ਵਿੱਚ ਆਮ ਚੋਣਾਂ ਹੋਈਆਂ ਸਨ, ਉਸ ਤੋਂ ਬਾਅਦ ਕੋਈ ਆਮ ਚੋਣਾਂ ਨਹੀਂ ਹੋਈਆਂ। ਜੋ ਕਿ ਸਿੱਖ ਕੌਮ ਲਈ ਸਰਾਸਰ ਸਦਮਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਮਰਿਆਦਾ ਨੂੰ ਬਹਾਲ ਰੱਖਣ ਲਈ ਨਵੇਂ ਮੈਂਬਰਾਂ ਦੀ ਚੋਣ ਕਰਨੀ, ਜਥੇਦਾਰ ਸਾਹਿਬ ਦੀ ਨਿਯੁਕਤੀ ਅਤੇ ਸੇਵਾਮੁਕਤੀ ਲਈ ਵਿਧੀ-ਵਿਧਾਨ ਬਣਾਉਣਾ ਅਤੇ ਲਾਗੂ ਕਰਨਾ ਜ਼ਰੂਰੀ ਹੈ। ਕਿਉਂਕਿ ਮੌਜੂਦਾ ਚੇਅਰਮੈਨ ਅਤੇ ਮੈਂਬਰ ਸਿਰਫ਼ ਇੱਕ ਵਿਅਕਤੀ ਵਿਸ਼ੇਸ਼ ਦੇ ਹੱਕ ਵਿੱਚ ਕੰਮ ਕਰ ਰਹੇ ਹਨ। ਸਿੱਖ ਕੌਮ ਦਾ ਭਰੋਸਾ ਨਹੀਂ ਰਿਹਾ।
ਵਡਾਲਾ ਨੇ ਅੱਗੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਧਾਨਗੀ ਮੰਡਲ, ਕਾਰਜਕਾਰਨੀ ਕਮੇਟੀ, ਸਲਾਹਕਾਰ ਬੋਰਡ ਅਤੇ ਕੋਰ ਲੀਡਰਸ਼ਿਪ ਦੀ ਇੱਕ ਅਹਿਮ ਮੀਟਿੰਗ 13 ਨਵੰਬਰ ਨੂੰ ਸਵੇਰੇ 11.30 ਵਜੇ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ 30 ਚੰਡੀਗੜ੍ਹ ਵਿਖੇ ਰੱਖੀ ਗਈ ਹੈ। ਜਿਸ ਵਿੱਚ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਆਉਣ ਵਾਲੀਆਂ ਨਗਰ ਨਿਗਮ ਚੋਣਾਂ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਅਤੇ ਸੁਧਾਰ ਲਹਿਰ ਦੇ ਅਗਲੇ ਪ੍ਰੋਗਰਾਮਾਂ ਆਦਿ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।