ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜਨਵਰੀ 24
ਖੇਡਾਂ ਲਈ ਮਸ਼ਹੂਰ ਹਰਿਆਣਾ ਹੁਣ ਸਾਈਬਰ ਫਰਾਡ ਦਾ ਹੱਬ ਬਣਦਾ ਜਾ ਰਿਹਾ ਹੈ। ਸੂਬੇ ਵਿੱਚ ਹਰ ਮਹੀਨੇ 60 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਹੋ ਰਹੀ ਹੈ। ਹਰਿਆਣਾ ‘ਚ ਸਿਰਫ ਇਕ ਸਾਲ ‘ਚ ਸਾਈਬਰ ਧੋਖਾਧੜੀ ‘ਚ 134 ਫੀਸਦੀ ਦਾ ਵਾਧਾ ਹੋਇਆ ਹੈ। ਹਰਿਆਣਾ ਦਾ ਮੇਵਾਤ ਜ਼ਿਲ੍ਹਾ ਦੂਜਾ ਜਾਮਤਾੜਾ ਬਣਦਾ ਜਾ ਰਿਹਾ ਹੈ। ਇੱਥੋਂ ਦੇ ਨੌਜਵਾਨ ਗੈਂਗ ਬਣਾ ਕੇ ਦੂਜੇ ਰਾਜਾਂ ਦੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ। 3 ਦਿਨ ਪਹਿਲਾਂ ਮੇਵਾਤ ਪੁਲਿਸ ਨੇ ਸਪੈਸ਼ਲ ਆਪ੍ਰੇਸ਼ਨ ਚਲਾ ਕੇ 15 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ।
ਜਦੋਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਇਨ੍ਹਾਂ ਸਾਈਬਰ ਠੱਗਾਂ ਨੇ ਕਰਨਾਟਕ, ਕੇਰਲ, ਤਾਮਿਲਨਾਡੂ ਅਤੇ ਹੋਰ ਕਈ ਰਾਜਾਂ ਵਿੱਚ ਇੰਟਰਨੈੱਟ ਰਾਹੀਂ ਫਰਜ਼ੀ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਠੱਗਿਆ ਹੈ। ਮੇਵਾਤ ਦੇ ਵੱਖ-ਵੱਖ ਪਿੰਡਾਂ ਤੋਂ ਫੜੇ ਗਏ ਸਾਈਬਰ ਠੱਗਾਂ ਖਿਲਾਫ ਪੁਲੀਸ ਨੇ 12 ਮਾਮਲੇ ਦਰਜ ਕੀਤੇ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ 20 ਮੋਬਾਈਲ ਫੋਨ ਅਤੇ 29 ਜਾਅਲੀ ਸਿਮ ਵੀ ਬਰਾਮਦ ਕੀਤੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਦੀ ਉਮਰ 30 ਸਾਲ ਤੋਂ ਘੱਟ ਹੈ ਅਤੇ ਸਾਰੇ ਅੰਗੂਠਾਛਾਪ ਹਨ, ਪਰ ਇਹ ਸਾਈਬਰ ਧੋਖਾਧੜੀ ਦੇ ਮਾਹਿਰ ਹਨ। ਇਕ ਨਹੀਂ ਸਗੋਂ ਦਰਜਨਾਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਸਾਈਬਰ ਧੋਖਾਧੜੀ ਨੂੰ ਲੈ ਕੇ ਹਰਿਆਣਾ ਦੋਹਰੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਕਿਉਂਕਿ ਹਰ ਸਾਲ ਔਸਤਨ 1000 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦੂਜੇ ਰਾਜਾਂ ਵਿੱਚ ਬੈਠੇ ਠੱਗਾਂ ਵੱਲੋਂ ਕੀਤੀ ਜਾ ਰਹੀ ਹੈ ਜੋ ਹਰਿਆਣਾ ਦੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਅਜਿਹੇ ‘ਚ ਪਹਿਲੀ ਚੁਣੌਤੀ ਹਰਿਆਣਾ ਦੇ ਲੋਕਾਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣਾ ਹੈ।