ਫੈਕਟ ਸਮਾਚਾਰ ਸੇਵਾ
ਬਟਾਲਾ, ਦਸੰਬਰ 1
ਪੰਜਾਬ ਦੇ ਮਾਲ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ 31ਵੀਆਂ ਕਮਲਜੀਤ ਖੇਡਾਂ, ਜੋ ਪਿੰਡ ਕੋਟਲਾ ਸ਼ਾਹੀਆ ਵਿਖੇ ਹੋ ਰਹੀਆਂ ਹਨ ਵਿਖੇ ਪਹੁੰਚੇ ਅਤੇ ਸੁਰਜੀਤ ਸਪੋਰਟਸ ਐਸੋਸੀਏਸ਼ਨ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਦੀ ਭਰਵੀਂ ਸਰਾਹਨਾ ਕੀਤੀ। ਇਸ ਮੌਕੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ),ਵਿਕਰਮਜੀਤ ਸਿੰਘ ਐਸਡੀਐਮ ਬਟਾਲਾ, ਸ੍ਰੀਮਤੀ ਜਸਵੰਤ ਕੋਰ, ਐਸ.ਪੀ (ਐੱਚ) ਬਟਾਲਾ ਅਤੇ ਸੁਰਜੀਤ ਸਪੋਰਟਸ ਅਸੋਸੀਏਸ਼ਨ (ਰਜਿਃ) ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਵੀ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਸੁਰਜੀਤ ਸਪੋਰਟਸ ਅਸੋਸੀਏਸ਼ਨ (ਰਜਿਃ) ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁਲੱਤ ਕੀਤਾ ਗਿਆ ਹੈ, ਖਿਡਾਰੀਆਂ ਨੂੰ ਖੇਡਣ ਦਾ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਗਿਆ ਹੈ ਅਤੇ ਸਫਲਤਾਪੂਰਵਕ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਪਾਰਦਰਸ਼ੀ, ਨਿਰਵਿਘਨ, ਭ੍ਰਿਸ਼ਟਾਚਾਰ ਮੁਕਤ ਤੇ ਸੁਖਾਲੀਆਂ ਸੇਵਾਵਾਂ ਦੇਣਾ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਤਰਜੀਹ ਦੇਣ ਅਤੇ ਇਸ ਖੇਤਰ ਨਾਲ ਜੁੜੇ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਕਰਨ ਲਈ ਨਿਰੰਤਰ ਕੰਮ ਕੀਤੇ ਜਾ ਰਹੇ ਹਨ। ਵੱਡੇ ਸ਼ਹਿਰਾਂ ਦੀ ਤਰਜ਼ ਉਤੇ ਹਰ ਸ਼ਹਿਰ ਵਿੱਚ ਅਰਬਨ ਅਸਟੇਟ ਬਣਾਈ ਜਾਵੇਗੀ ਜੋ ਅਤਿ ਆਧੁਨਿਕ ਨਕਸ਼ੇ ਤਹਿਤ ਬਿਹਤਰ ਬੁਨਿਆਦੀ ਸਹੂਲਤਾਂ ਨਾਲ ਲੈਸ ਹੋਵੇਗੀ। ਇਸ ਸਬੰਧੀ ਹਰ ਸ਼ਹਿਰ ਦਾ ਸਰਵੇਖਣ ਹੋ ਰਿਹਾ ਹੈ ਅਤੇ ਬਟਾਲਾ ਸ਼ਹਿਰ ਵਿਖੇ ਵੀ ਅਰਬਨ ਅਸਟੇਟ ਬਣਾਈ ਜਾਵੇਗੀ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਕੋਲ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੀ ਹੈ, ਨੇ ਕਿਹਾ ਕਿ ਹਰ ਪਿੰਡ ਵਾਸੀ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ। ਸੂਬੇ ਵਿੱਚ 2174 ਕਰੋੜ ਰੁਪਏ ਦੇ ਨਹਿਰੀ ਜਲ ਸਪਲਾਈ ਨਾਲ ਸਬੰਧਤ 15 ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪਰਪੋਜਲ ਦਿੱਤੀ ਜਾਵੇਗੀ,ਉਸਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਕਮਲਜੀਤ ਖੇਡਾਂ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਉਲੰਪੀਅਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ 31ਵੀਆਂ ਕਮਲਜੀਤ ਖੇਡਾਂ-2024 ਦੇ ਸਮਾਪਤੀ ਵਾਲੇ ਦਿਨ ਕੱਲ 1 ਦਸੰਬਰ ਨੂੰ ਪੈਰਿਸ ਓਲੰਪਿਕਸ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਛੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਪਿ੍ਥੀਪਾਲ ਸਿੰਘ ਪ੍ਰਧਾਨ ਸੁਰਜੀਤ ਸਪੋਰਟਸ ਐਸੋਸੀਏਸ਼ਨ,
ਤਰੁਣਪ੍ਰੀਤ ਸਿੰਘ ਸਰਪੰਚ ਕੋਟਲਾ ਸਾ਼ਹੀਆ, ਨਿਸਾ਼ਨ ਸਿੰਘ ਰੰਧਾਵਾ ਜਨਰਲ ਸਕੱਤਰ, ਪ੍ਰਿੰਸੀਪਲ ਮੁਸ਼ਤਾਕ ਗਿੱਲ, ਦਵਿੰਦਰ ਸਿੰਘ ਕਾਲਾਨੰਗਲ, ਇੰਜ. ਜਗਦੀਸ਼ ਸਿੰਘ ਬਾਜਵਾ ਐਸ ਡੀ ਓ, ਇੰਜੀ. ਰਾਜਵਿੰਦਰ ਸਿੰਘ ਕਾਲਾ, ਇੰਜੀ. ਕੁਲਬੀਰ ਸਿੰਘ, ਖੁਸ਼ਕਰਨ ਸਿੰਘ, ਸੁਰਜੀਤ ਸਿੰਘ ਸੋਢੀ, ਦਲਬੀਰ ਸਿੰਘ ਚਾਹਲ, ਦਿਲਬਾਗ ਸਿੰਘ, ਬਲਕਾਰ ਸਿੰਘ, ਜਸਵੰਤ ਸਿੰਘ ਢਿਲੋਂ, ਭੁਪਿੰਦਰ ਸਿੰਘ ਡਿੰਪਲ, ਪ੍ਰਦੁੱਮਣ ਸਿੰਘ, ਸਰਦੂਲ ਸਿੰਘ ਮੱਲਿਆਂਵਾਲ, ਅਜਮੇਰ ਸਿੰਘ ਮੱਲੀ ਧਾਰੀਵਾਲ, ਗੁਰਦੀਪ ਸਿੰਘ ਕੋਚ, ਮਨੋਹਰ ਸਿੰਘ ਕੋਚ ਆਦਿ ਹਾਜਰ ਸਨ।