ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜਨਵਰੀ 15
ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਪ੍ਰਮੁੱਖ ਨੇਤਾਵਾਂ ਦੀ ਮੌਜੂਦਗੀ ਵਿੱਚ ਪਾਰਟੀ ਦੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ ਕੀਤਾ। ਪਿਛਲੇ ਪੰਜ ਦਹਾਕਿਆਂ ਤੋਂ ਪਾਰਟੀ ਦਾ ਮੁੱਖ ਦਫ਼ਤਰ ’24 ਅਕਬਰ ਰੋਡ’ ਹੀ ਸੀ। ਹੁਣ ਮੁੱਖ ਵਿਰੋਧੀ ਪਾਰਟੀ ਦਾ ਨਵਾਂ ਹੈੱਡਕੁਆਰਟਰ ‘9ਏ ਕੋਟਲਾ ਮਾਰਗ’ ‘ਤੇ ਬਣਾਇਆ ਗਿਆ ਹੈ।
ਸੋਨੀਆ ਗਾਂਧੀ ਨੇ ਰੀਬਨ ਕੱਟ ਕੇ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਕਾਂਗਰਸ ਹੈੱਡਕੁਆਰਟਰ ਦੇ ਵਿਹੜੇ ਵਿੱਚ ਝੰਡਾ ਲਹਿਰਾਇਆ ਗਿਆ ਅਤੇ ਆਗੂਆਂ ਨੇ ਰਾਸ਼ਟਰੀ ਗੀਤ, ਰਾਸ਼ਟਰੀ ਗਾਣ ਅਤੇ ‘ਵਿਜੈ ਵਿਸ਼ਵ ਤਿਰੰਗਾ ਪਿਆਰਾ…’ ਦਾ ਗਾਇਨ ਕੀਤਾ।
ਪਾਰਟੀ ਦੇ ਉਦਘਾਟਨ ਪ੍ਰੋਗਰਾਮ ‘ਚ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੇ ਮੈਂਬਰ, ਸਥਾਈ ਅਤੇ ਵਿਸ਼ੇਸ਼ ਸੱਦੇ ਗਏ ਮੈਂਬਰ, ਕਾਂਗਰਸ ਸੰਸਦੀ ਦਲ ਦੇ ਅਧਿਕਾਰੀ, ਪਾਰਟੀ ਦੇ ਕਈ ਅਧਿਕਾਰੀ, ਕੇਂਦਰੀ ਚੋਣ ਕਮੇਟੀ ਦੇ ਮੈਂਬਰ, ਸੂਬਾ ਕਾਂਗਰਸ ਕਮੇਟੀ ਦੇ ਮੈਂਬਰ ਸਮੇਤ ਸੀਨੀਅਰ ਆਗੂ, ਵੱਖ-ਵੱਖ ਰਾਜਾਂ ਤੋਂ ਪਾਰਟੀ ਵਿਧਾਇਕ ਦਲ ਦੇ ਆਗੂ, ਸੰਸਦ ਮੈਂਬਰ, ਕਈ ਰਾਜਾਂ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਹਾਜ਼ਰ ਸਨ।