ਫੈਕਟ ਸਮਾਚਾਰ ਸੇਵਾ
ਰੂਪਨਗਰ, ਸਤੰਬਰ 11
ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹਈਆ ਕਰਵਾਉਣ ਦੇ ਮੰਤਵ ਤਹਿਤ ਅੱਜ ਸਿਵਿਲ ਸਰਜਨ ਰੂਪਨਗਰ ਡਾਕਟਰ ਤਰਸੇਮ ਸਿੰਘ ਵੱਲੋਂ ਬਹਿਰਾਮਪੁਰ ਜ਼ਿਮੀਦਾਰਾ ਦੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
ਇਸ ਮੌਕੇ ਉਹਨਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਸਟਾਫ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਉਹਨਾਂ ਕਿਹਾ ਕਿ ਕਲੀਨਿਕ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਸਬੰਧੀ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਜਰੂਰਤ ਅਨੁਸਾਰ ਦਵਾਈਆਂ ਦਾ ਸਟਾਕ ਮੈਨਟੇਨ ਰੱਖਿਆ ਜਾਵੇ ਅਤੇ ਸਮਾਂ ਰਹਿੰਦਿਆਂ ਇਸ ਸਬੰਧੀ ਡਿਮਾਂਡ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਭੇਜਣੀ ਸੁਨਿਸ਼ਚਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਲੀਨਿਕ ਵਿੱਚ ਆਏ ਹੋਏ ਮਰੀਜ਼ ਦੀ ਆਬਾ ਆਈਡੀ ਜਰੂਰ ਬਣਾਈ ਜਾਵੇ ਅਤੇ ਉਸ ਦੀ ਐਂਟਰੀ ਆਨਲਾਈਨ ਪੋਰਟਲ ਤੇ ਕਰਨੀ ਸੁਨਿਸ਼ਚਿਤ ਕੀਤੀ ਜਾਵੇ।
ਇਸ ਦੇ ਨਾਲ ਹੀ ਉਹਨਾਂ ਵੱਲੋਂ ਕਲੀਨਿਕ ਵਿੱਚ ਆਏ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਸਿਹਤ ਦਾ ਹਾਲ ਚਾਲ ਜਾਣਿਆ ਗਿਆ ਅਤੇ ਕਲੀਨਿਕ ਦੇ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਮੌਕੇ ਉਹਨਾਂ ਨਾਲ ਸਟੈਨੋ ਹਰਜਿੰਦਰ ਸਿੰਘ, ਆਮ ਆਦਮੀ ਕਲੀਨਿਕ ਦਾ ਸਟਾਫ ਅਤੇ ਕਲੀਨਿਕ ਵਿੱਚ ਆਏ ਹੋਏ ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰ ਮੌਜੂਦ ਸਨ।