ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜਨਵਰੀ 20
ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਪੇਸ਼ੇਵਰ ਬੈਡਮਿੰਟਨ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਕ ਪ੍ਰੋਗਰਾਮ ਵਿਚ ਸਾਈਨਾ ਨੇ ਕਿਹਾ ਕਿ ਗੋਡਿਆਂ ਦੇ ਦਰਦ ਨੇ ਉਸ ਦਾ ਹੁਣ ਖੇਡਣਾ ਅਸੰਭਵ ਬਣਾ ਦਿੱਤਾ ਹੈ। ਸਾਇਨਾ ਆਖਰੀ ਵਾਰ ਜੂਨ 2023 ਵਿਚ ਸਿੰਗਾਪੁਰ ਓਪਨ ਵਿਚ ਖੇਡੀ ਸੀ।
35 ਸਾਲਾ ਸਾਇਨਾ ਨੇ ਕਿਹਾ ਕਿ ਮੈਂ ਦੋ ਸਾਲ ਪਹਿਲਾਂ ਖੇਡਣਾ ਬੰਦ ਕਰ ਦਿੱਤਾ ਸੀ। ਮੈਂ ਆਪਣੀਆਂ ਸ਼ਰਤਾਂ ‘ਤੇ ਖੇਡਣਾ ਸ਼ੁਰੂ ਕੀਤਾ ਸੀ ਅਤੇ ਆਪਣੀਆਂ ਸ਼ਰਤਾਂ ‘ਤੇ ਛੱਡ ਦਿੱਤਾ ਸੀ। ਇਸ ਲਈ ਮੈਨੂੰ ਇਹ ਐਲਾਨ ਜ਼ਰੂਰੀ ਨਹੀਂ ਲੱਗਿਆ। ਸਾਇਨਾ ਦੇ ਅਨੁਸਾਰ ਉਸ ਦੇ ਗੋਡਿਆਂ ਵਿਚ ਕਾਰਟੀਲੇਜ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ ਅਤੇ ਉਸ ਨੂੰ ਗਠੀਆ ਹੋ ਗਿਆ ਹੈ। ਉਸਨੇ ਕਿਹਾ ਕਿ ਜਦੋਂ ਤੁਸੀਂ ਨਹੀਂ ਖੇਡ ਸਕਦੇ, ਤਾਂ ਤੁਹਾਨੂੰ ਰੁਕ ਜਾਣਾ ਚਾਹੀਦਾ ਹੈ। ਮੈਂ ਦਿਨ ਵਿਚ 8-9 ਘੰਟੇ ਸਿਖਲਾਈ ਲੈਂਦੀ ਸੀ, ਪਰ ਹੁਣ ਮੇਰੇ ਗੋਡੇ 1-2 ਘੰਟਿਆਂ ਦੇ ਅੰਦਰ-ਅੰਦਰ ਹਾਰ ਜਾਂਦੇ ਹਨ। ਇਸ ਤੋਂ ਬਾਅਦ ਸੋਜ ਆ ਜਾਂਦੀ ਹੈ। ਇਸ ਲਈ ਮੈਂ ਸੋਚਿਆ ਕਿ ਹੁਣ ਬਹੁਤ ਹੋ ਗਿਆ। ਮੈਂ ਹੁਣ ਆਪਣਾ ਕਰੀਅਰ ਜਾਰੀ ਨਹੀਂ ਰੱਖ ਸਕਦੀ।
ਸਾਬਕਾ ਵਿਸ਼ਵ ਨੰਬਰ ਇਕ ਸਾਇਨਾ ਨੇ 2012 ਲੰਡਨ ਉਲੰਪਿਕ ਵਿਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ ਉਲੰਪਿਕ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਹੈ। ਉਸ ਨੇ ਤਿੰਨ ਉਲੰਪਿਕ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।







