View in English:
October 19, 2024 6:06 pm

ਸਮਾਰਟ ਸਿਟੀ ਵੱਲ ਸੁਲਤਾਨਪੁਰ ਲੋਧੀ ਦੀ ਵੱਡੀ ਪੁਲਾਂਘ

ਫੈਕਟ ਸਮਾਚਾਰ ਸੇਵਾ

ਸੁਲਤਾਨਪੁਰ ਲੋਧੀ , ਅਕਤੂਬਰ 19

ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਵੱਲ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਰਵਜੋਤ ਸਿੰਘ ਵਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ 4 ਐਮ.ਐੱਲ.ਡੀ. ਦੀ ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਸੁਲਤਾਨਪੁਰ ਵਾਸੀਆਂ ਨੂੰ ਸਮਰਪਿਤ ਕੀਤਾ।

ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਸਮੇਤ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ “ ਬਤੌਰ ਕੈਬਨਿਟ ਮੰਤਰੀ ਉਨ੍ਹਾਂ ਨੂੰ ਪਹਿਲਾ ਸਰਕਾਰੀ ਪ੍ਰਾਜੈਕਟ ਪਵਿੱਤਰ ਨਗਰੀ ਵਿਖੇ ਲੋਕ ਅਰਪਣ ਕਰਨ ਦਾ ਸੁਭਾਗ ਮਿਲਿਆ ਹੈ”। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਸੈਰ-ਸਪਾਟਾ ਦੇ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਕਿਉਂਕਿ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਥੇ ਵੱਖ-ਵੱਖ ਧਾਰਮਿਕ ਸਥਾਨਾਂ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਉਦਘਾਟਨ ਕੀਤੇ ਗਏ ਸੀਵਰੇਜ ਟਰੀਟਮੈਂਟ ਪਲਾਂਟ ’ਤੇ 8.85 ਕਰੋੜ ਰੁਪਏ ਦਾ ਖ਼ਰਚਾ ਆਇਆ ਹੈ ਅਤੇ ਇਸ ਨਾਲ ਸੁਲਤਾਨਪੁਰ ਸ਼ਹਿਰ ਦੀ 25 ਹਜ਼ਾਰ ਦੇ ਕਰੀਬ ਆਬਾਦੀ ਨੂੰ ਸਿੱਧਾ ਲਾਭ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਨਤਮ ਤਕਨੀਕ ਨਾਲ ਉਸਾਰੇ ਗਏ ਇਸ ਟਰੀਟਮੈਂਟ ਪਲਾਂਟ ਦੇ ਪਾਣੀ ਨਾਲ 55 ਹੈੱਕਟੇਅਰ ਵਿਚ ਸਿੰਚਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਿਰਮਾਣ ਕੰਪਨੀ ਵਲੋਂ ਅਗਲੇ 5 ਸਾਲਾਂ ਤੱਕ ਇਸ ਦੀ ਸਾਂਭ-ਸੰਭਾਲ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਵਲੋਂ ਸਥਾਨਕ ਰੈੱਸਟ ਹਾਊਸ ਵਿਖੇ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਤੇਜਵੀਰ ਸਿੰਘ, ਮੁੱਖ ਕਾਰਜਕਾਰੀ ਅਧਿਕਾਰੀ ਪੀ.ਐਮ.ਆਈ.ਡੀ.ਸੀ. ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤੇ ਹੋਰਨਾਂ ਵਿਭਾਗਾਂ ਦੇ ਮੁਖੀਆਂ ਨਾਲ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ 5 ਨਵੰਬਰ ਤੱਕ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਕਰਨ ਦਾ ਕੰਮ ਪੂਰਾ ਕੀਤਾ ਜਾਵੇ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਕਰਨਾ ਨਾ ਪਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦੀ ਜੰਗੀ ਪੱਧਰ ਤੇ ਮੁਕੰਮਲ ਕਰਨ।

ਸਥਾਨਕ ਸਰਕਾਰਾਂ ਮੰਤਰੀ ਵਲੋਂ ਕਾਲੀ ਵੇਂਈ ਦੇ 9 ਹਜ਼ਾਰ ਮੀਟਰ ਲੰਬਾਈ ਵਾਲੇ ਕੰਢਿਆਂ ਦੇ ਸੁੰਦਰੀਕਰਨ ਦਾ ਕੰਮ ਵੀ ਤੁਰੰਤ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ। ਇਸ ਤੋਂ ਇਲਾਵਾ ਸਾਰੀਆਂ ਸਟਰੀਟ ਲਾਈਟਾਂ ਵੀ ਚਾਲੂ ਹਾਲਤ ਵਿਚ ਲਿਆਉਣ ਲਈ ਕਿਹਾ। ਸ਼ਹਿਰ ਦੀ ਸੁਰੱਖਿਆ ਦੇ ਮੱਦੇਨਜ਼ਰ ਇੰਨਟੈਗਰੇਟਿਡ ਕੰਟਰੋਲ ਰੂਮ ਅਤੇ ਤਿੰਨ ਸਮਾਰਟ ਸਕੂਲਾਂ ਦੇ ਕੰਮ ਵੀ ਕੈਬਿਨਟ ਮੰਤਰੀ ਵਲੋਂ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ਦੇ ਵਿਕਾਸ ਵਿਚ ਪੰਜਾਬ ਸਰਕਾਰ ਵਲੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਸਥਾਨਕ ਰੈੱਸਟ ਹਾਊਸ ਵਿਖੇ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਵਲੋਂ ਸੁਲਤਾਨਪੁਰ ਲੋਧੀ ਵਿਖੇ ਨਿਰਮਲ ਕੁਟੀਆ ਦਾ ਵੀ ਦੌਰਾ ਕੀਤਾ ਗਿਆ ਜਿਥੇ ਉਨ੍ਹਾਂ ਵਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਪਵਿੱਤਰ ਵੇਂਈ ਨੂੰ ਸਾਫ਼-ਸੁਥਰਾ ਰੱਖਣ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਗਈ।

Leave a Reply

Your email address will not be published. Required fields are marked *

View in English