View in English:
February 8, 2025 8:47 pm

ਸਥਾਨਕ ਸਰਕਾਰਾਂ ਮੰਤਰੀ ਨੇ ਨਹਿਰੀ ਪਾਣੀ ਦੀ ਸਪਲਾਈ ਨੂੰ ਵਧਾਉਣ ਲਈ 12.47 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਫੈਕਟ ਸਮਾਚਾਰ ਸੇਵਾ

ਰੂਪਨਗਰ, ਫਰਵਰੀ 8

ਰੂਪਨਗਰ ਸ਼ਹਿਰ ਦੀ ਪੀਣ ਵਾਲੇ ਪਾਣੀ ਪਾਣੀ ਦੀ ਸਮੱਸਿਆ ਦਾ ਨਿਪਟਾਰਾ ਕਰਦੇ ਹੋਏ ਕੈਬਨਟ ਮੰਤਰੀ ਸਥਾਨਕ ਸਰਕਾਰਾਂ ਡਾ. ਰਵਜੋਤ ਸਿੰਘ ਨੇ ਨਹਿਰੀ ਪਾਣੀ ਦੀ ਸਪਲਾਈ ਨੂੰ ਵਧਾਉਣ ਲਈ 12.47 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਸ ਮੌਕੇ ਡਾਕਟਰ ਰਵਜੋਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ, ਸੂਬਾ ਵਾਸੀਆਂ ਦੇ ਹਰ ਮਸਲੇ ਨੂੰ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਰੋਪੜ ਸ਼ਹਿਰ ਦੇ ਪੀਣ ਵਾਲੇ ਪਾਣੀ ਦਾ ਮਸਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਨੂੰ ਹੱਲ ਕਰਦੇ ਹੋਏ ਅੱਜ 12.47 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਕੁੱਲ ਅੱਠ ਕਿਲੋਮੀਟਰ ਪਾਈਪਲਾਈਨ ਪਾਈ ਜਾਏਗੀ ਜਿਸ ਵਿੱਚ ਰਾਈਜਿੰਗ ਮੇਨ 2.2 ਕਿਲੋਮੀਟਰ ਦਾ ਅਤੇ ਹਾਊਸਿੰਗ ਕਨੈਕਸ਼ਨ 1000 ਨੰਬਰ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਦਸੰਬਰ 2025 ਤੱਕ ਮੁਕੰਮਲ ਕੀਤਾ ਜਾਵੇਗਾ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਮਿਲੇਗੀ ਤੇ ਆਉਣ ਵਾਲੇ ਕਈ ਸਾਲਾਂ ਤੱਕ ਪਾਣੀ ਸਪਲਾਈ ਕਰਨ ਦੀ ਸਮਰੱਥਾ ਹੋਵੇਗੀ।

ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਡਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੋਪੜ ਸ਼ਹਿਰ ਨੂੰ ਜਿੰਨ੍ਹਾਂ ਪਾਣੀ 1992 ਚ ਨਹਿਰ ਤੋਂ ਪੀਣ ਲਈ ਮਿਲਦਾ ਸੀ ਉੱਨਾ ਹੀ ਅੱਜ ਮਿਲਦਾ ਹੈ ਭਾਵੇਂਕਿ ਇਨ੍ਹਾਂ 33 ਸਾਲਾਂ ਚ ਸ਼ਹਿਰ ਚ ਅਬਾਦੀ ਕਈ ਗੁਣਾ ਵਧੀ ਹੈ। ਪਰ ਇਨ੍ਹਾਂ 33 ਸਾਲਾਂ ਵਿਚ ਕਿਸੇ ਵੀ ਸਰਕਾਰ ਨੇ ਸ਼ਹਿਰ ਲਈ ਨਹਿਰੀ ਪਾਣੀ ਦੀ ਮਾਤਰਾ ਵਧਾਉਣ ਦਾ ਕਸ਼ਟ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਬਣਦੇ ਸਾਰ ਹੀ ਇਸ ਮੁਸ਼ਕਿਲ ਦੇ ਹੱਲ ਲਈ ਕਦਮ ਚੁੱਕੇ, ਵਾਟਰ ਸਪਲਾਈ ਮਹਿਕਮੇ ਰਾਹੀਂ ਪ੍ਰੋਜੈਕਟ ਬਣਵਾਇਆ ਅਤੇ ਮੁੱਖ ਮੰਤਰੀ ਸਾਹਿਬ ਤੋਂ ਮਨਜੂਰ ਕਰਵਾਇਆ। ਇਨ੍ਹਾਂ ਕੀਤੇ ਯਤਨਾ ਸਦਕਾ ਲੋਕਲ ਬਾਡੀ ਮੰਤਰੀ ਡਾ. ਰਵਜੋਤ ਵਲੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਹਲਕਾ ਵਿਧਾਇਕ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਰੂਪਨਗਰ ਸ਼ਹਿਰ ਦੇ ਇਲਾਕਾ ਨਿਵਾਸੀਆਂ ਨੂੰ ਪਾਣੀ ਦੀ ਸਪਲਾਈ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਐੱਸ ਪੀ ਰਾਜਪਾਲ ਸਿੰਘ ਹੁੰਦਲ, ਐੱਸ ਡੀ ਐੱਮ ਸਚਿਨ ਪਾਠਕ, ਸੀਨੀਅਰ ਪਾਰਟੀ ਆਗੂ ਭਾਗ ਸਿੰਘ ਮੈਦਾਨ, ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ, ਐਡਵੋਕੇਟ ਸਤਨਾਮ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਤੇ ਪਾਰਟੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *

View in English