ਫੈਕਟ ਸਮਾਚਾਰ ਸੇਵਾ
ਜੰਮੂ , ਫਰਵਰੀ 21
ਜੰਮੂ-ਕਸ਼ਮੀਰ ਦੇ ਮੌਸਮ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਜੰਮੂ-ਸ੍ਰੀਨਗਰ ਹਾਈਵੇਅ ਰਾਮਬਨ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਅੱਜ ਬੰਦ ਹੋ ਗਿਆ ਹੈ। ਜੰਮੂ ਸ਼ਹਿਰ ਵਿੱਚ ਮੌਸਮ ਸਾਫ਼ ਬਣਿਆ ਹੋਇਆ ਹੈ। ਗੁਲਮਰਗ ਸਮੇਤ ਘਾਟੀ ਦੇ ਕੁਝ ਉੱਚੇ ਇਲਾਕਿਆਂ ‘ਚ ਹਲਕੀ ਬਰਫਬਾਰੀ ਅਤੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਈ।
ਜੰਮੂ ਕਸ਼ਮੀਰ ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਰਾਮਬਨ ਅਤੇ ਬਨਿਹਾਲ ਦੇ ਵਿਚਾਲੇ ਸੀਪੀਪੀਐਲ ਮੈਸ ‘ਤੇ ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਨੇ ਅੱਜ ਜੰਮੂ-ਕਸ਼ਮੀਰ ‘ਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਕਸ਼ਮੀਰ ਘਾਟੀ ਦੇ ਕੁਝ ਹਿੱਸਿਆਂ ‘ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋਈ ਹੈ। 24 ਫਰਵਰੀ ਤੱਕ ਮੌਸਮ ਸਾਫ਼ ਰਹੇਗਾ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਜੰਮੂ ਦਿਨ ਭਰ ਮੀਂਹ ਦਾ ਇੰਤਜ਼ਾਰ ਕਰਦਾ ਰਿਹਾ। ਦਿਨ ਵੇਲੇ ਧੁੱਪ ਨਿਕਲੀ ਅਤੇ ਵੱਧ ਤੋਂ ਵੱਧ ਤਾਪਮਾਨ 4.9 ਡਿਗਰੀ ਵੱਧ ਕੇ 27.1 ਅਤੇ ਬੀਤੀ ਰਾਤ ਦਾ ਘੱਟੋ-ਘੱਟ ਤਾਪਮਾਨ 15.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।