View in English:
April 5, 2025 11:27 pm

ਰਾਣਾ ਗੁਰਜੀਤ ਸਿੰਘ ਤੇ ਰਾਣਾ ਇੰਦਰ ਪ੍ਰਤਾਪ ਸਿੰਘ ‘ਤੇ ED ਦੀ ਕਾਰਵਾਈ

ਫੈਕਟ ਸਮਾਚਾਰ ਸੇਵਾ

ਜਲੰਧਰ, ਅਪ੍ਰੈਲ 4

ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ 1999 ਦੀ ਧਾਰਾ 371 ਦੇ ਤਹਿਤ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ, ਜਿਸ ’ਤੇ ਵਿਦੇਸ਼ੀ ਮੁਦਰਾ ਭਾਰਤ ਤੋਂ ਬਾਹਰ ਰੱਖਣ ਦਾ ਦੋਸ਼ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਉਕਤ ਕੰਪਨੀ ਦੇ ਮਾਲਕ ਹਨ, ਜਿਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਦੋਵੇਂ ਵਿਧਾਇਕ ਅਤੇ ਹੋਰ ਪਰਿਵਾਰਕ ਮੈਂਬਰ ਕੰਪਨੀ ਦੇ ਸ਼ੇਅਰਧਾਰਕ ਹਨ। ਵੀਰਵਾਰ ਰਾਤ ਨੂੰ ਈ.ਡੀ. ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੰਘੀ ਏਜੰਸੀ ਨੇ ਰਾਣਾ ਸ਼ੂਗਰਜ਼ ਲਿਮਟਿਡ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਸ਼ੇਅਰਧਾਰਕਾਂ ਵਿਰੁੱਧ ਗਲੋਬਲ ਡਿਪਾਜ਼ਿਟ ਰਸੀਦਾਂ (ਜੀਡੀਆਰ) ਜਾਰੀ ਕਰਨ ਅਤੇ ਪੂਰੀ ਜੀ.ਡੀ.ਆਰ. ਪ੍ਰਕਿਰਿਆ ਨੂੰ ਇਸ ਦੇ ਅਸਲ ਉਦੇਸ਼ ਲਈ ਨਾ ਵਰਤਣ ਦੇ ਸੰਬੰਧ ਵਿੱਚ ਫੇਮਾ ਦੇ ਉਪਬੰਧਾਂ ਤਹਿਤ ਜਾਂਚ ਸ਼ੁਰੂ ਕੀਤੀ ਹੈ। ਈ.ਡੀ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁੱਲ ਜੀ.ਡੀ.ਆਰ. ਕਮਾਈ ਵਿਚੋਂ, ਰਾਣਾ ਸ਼ੂਗਰਜ਼ ਲਿਮਟਿਡ ਨੇ ਜੀ.ਡੀ.ਆਰ. ਦੀ ਸਾਰੀ ਕਮਾਈ ਭਾਰਤ ਵਾਪਸ ਨਹੀਂ ਲਿਆਂਦੀ। ਜਿਸ ਕਾਰਨ ਖੰਡ ਮਿੱਲ ਨੇ ਫੇਮਾ 1999 ਦੀ ਧਾਰਾ 4 ਦੀ ਉਲੰਘਣਾ ਕਰਦੇ ਹੋਏ 2.56 ਮਿਲੀਅਨ ਅਮਰੀਕੀ ਡਾਲਰ (22.02 ਕਰੋੜ) ਦੀ ਜੀ.ਡੀ.ਆਰ. ਕਮਾਈ ਭਾਰਤ ਤੋਂ ਬਾਹਰ ਰੱਖੀ। ਦੱਸ ਦੇਈਏ ਕਿ ਇਸ ਮਾਮਲੇ ਵਿਚ ਈ.ਡੀ. ਵਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਸਾਲ, ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਰਾਣਾ ਸ਼ੂਗਰ ਲਿਮਟਿਡ (ਆਰਐਸ) ’ਤੇ ਵਿਅਕਤੀਗਤ ਸੰਸਥਾਵਾਂ ਨੂੰ ਫੰਡ ਟਰਾਂਸਫਰ ਕਰਨ ਦੇ ਕਥਿਤ ਦੋਸ਼ਾਂ ਵਿਚ 63 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ।

Leave a Reply

Your email address will not be published. Required fields are marked *

View in English