ਫੈਕਟ ਸਮਾਚਾਰ ਸੇਵਾ
ਖੰਨਾ, ਅਗਸਤ 12
ਪੇਂਡੂ ਵਿਕਾਸ ਤੇ ਪੰਚਾਇਤ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ ਅਤੇ ਪ੍ਰਾਹੁਣਚਾਰੀ ਮੰਤਰੀ ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਸੁਝਾਅ ਸੁਣੇ ਤੇ ਖੁੱਲ੍ਹੇ ਦਿਲ ਨਾਲ ਗੱਲਬਾਤ ਕੀਤੀ। ਇਸ ਮੌਕੇ ਖੰਨਾ ਕਿਸਾਨ ਵਿੰਗ ਦੀ ਨਵੀਂ ਟੀਮ ਦਾ ਐਲਾਨ ਵੀ ਕੀਤਾ ਗਿਆ। ਯਾਦਵਿੰਦਰ ਸਿੰਘ ਲਿਬੜਾ ਨੂੰ ਪ੍ਰਧਾਨ ਅਤੇ ਲਖਵੀਰ ਸਿੰਘ ਗਿੱਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਮੰਤਰੀ ਸੌਂਦ ਨੇ ਦੋਵਾਂ ਨੂੰ ਵਧਾਈ ਦਿੰਦੇ ਹੋਏ ਭਰੋਸਾ ਜਤਾਇਆ ਕਿ ਉਹ ਕਿਸਾਨਾਂ ਦੇ ਹਿੱਤਾਂ ਲਈ ਪੂਰੀ ਲਗਨ ਨਾਲ ਕੰਮ ਕਰਨਗੇ।
ਮੰਤਰੀ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਮੇਸ਼ਾਂ ਲੋਕਾਂ ਦੀ ਰਾਇ ਮੁਤਾਬਕ ਫੈਸਲੇ ਲੈਂਦੀ ਹੈ। “ਜਦੋਂ ਲੈਂਡ ਪੂਲਿੰਗ ਨੀਤੀ ਕਿਸਾਨਾਂ ਨੂੰ ਠੀਕ ਨਹੀਂ ਲੱਗੀ, ਤਾਂ ਅਸੀਂ ਇਸਨੂੰ ਪਰਿਵਾਰਕ ਸੋਚ ਨਾਲ ਤੁਰੰਤ ਵਾਪਸ ਲੈ ਲਿਆ। ਮੰਤਰੀ ਨੇ ਇਸ ਫੈਸਲੇ ਲਈ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਖਾਸ ਧੰਨਵਾਦ ਕੀਤਾ, ਜਿਨ੍ਹਾਂ ਨੇ ਵੱਡੇ ਦਿਲ ਨਾਲ ਕਿਸਾਨ-ਹਿੱਤ ਵਿਚ ਇਹ ਕਦਮ ਚੁੱਕਿਆ। ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਥੋਪੇ ਸਨ, ਤਾਂ ਦੇਸ਼ ਭਰ ਦੇ ਕਿਸਾਨਾਂ ਨੇ ਵਿਰੋਧ ਕੀਤਾ ਸੀ। ਉਸ ਸਮੇਂ ਵੀ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੋਦੀ ਸਰਕਾਰ ਦੇ ਵਿਰੁੱਧ ਡਟ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ। ਸੌਂਦ ਨੇ ਦ੍ਰਿੜਤਾ ਨਾਲ ਕਿਹਾ, “ਸਾਡੀ ਪਾਰਟੀ ਹਮੇਸ਼ਾਂ ਕਿਸਾਨ ਪੱਖੀ ਰਹੀ ਹੈ ਤੇ ਰਹੇਗੀ।”
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਕਿਸਾਨ ਖੁਸ਼ਹਾਲ ਹੋਣ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਬਣੇ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸਾਨਾਂ ਦੇ ਹਿੱਤ ਵਿੱਚ ਅੱਗੇ ਵੀ ਹਰੇਕ ਜ਼ਰੂਰੀ ਕਦਮ ਚੁੱਕਿਆ ਜਾਵੇਗਾ। ਇਸ ਦੌਰੇ ਦੌਰਾਨ ਮੰਡੀ ਵਿੱਚ ਗਰਮਜੋਸ਼ੀ ਭਰਾ ਮਾਹੌਲ ਰਿਹਾ ਅਤੇ ਕਿਸਾਨਾਂ ਨੇ ਸਰਕਾਰ ਦੇ ਫੈਸਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕੀਤਾ ਹੈ ਜੋ ਲੋਕਾਂ ਦੀ ਸਰਕਾਰ ਨੂੰ ਕਰਨਾ ਚਾਹੀਦਾ ਹੈ — ਲੋਕਾਂ ਦੀ ਸੁਣਨੀ ਤੇ ਉਨ੍ਹਾਂ ਦੇ ਹਿੱਤ ਵਿੱਚ ਫੈਸਲੇ ਲੈਣੇ।
ਕਿਸਾਨ ਵਿੰਗ ਦੇ ਨਵੇਂ ਬਣੇ ਪ੍ਰਧਾਨ ਯਾਦਵਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਉਹ ਪੂਰੇ ਹਲਕੇ ‘ਚ ਆਪਣੀ ਟੀਮ ਸਮੇਤ ਪਿੰਡਾਂ ਅੰਦਰ ਜਾ ਕੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ। ਕਿਸਾਨਾਂ ਦੀਆਂ ਮੁਸ਼ਕਲਾਂ ਮੰਤਰੀ ਤੱਕ ਪਹੁੰਚਾ ਕੇ ਹੱਲ ਕਰਾਈਆਂ ਜਾਣਗੀਆਂ। ਇਸ ਮੌਕੇ ‘ਤੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਓ.ਐਸ.ਡੀ ਕਰਨ ਅਰੋੜਾ, ਆੜ੍ਹਤੀ ਐਸੋਸੀਏਸ਼ਨ ਖੰਨਾ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਜੀਤ, ਮਾਸਟਰ ਅਵਤਾਰ ਸਿੰਘ ਦਹਿੜੂ, ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਮਾਨ ਵੀ ਮੌਜੂਦ ਸਨ।