ਫੈਕਟ ਸਮਾਚਾਰ ਸੇਵਾ
ਮੰਡੀ ਬਰੀਵਾਲਾ , ਸਤੰਬਰ 6
ਪਿੰਡ ਬਾਜਾ ਮਰਾੜ ਤੋਂ ਖਾਰਾ ਨੂੰ ਜਾਂਦੇ ਰਸਤੇ ਕਾਰ ਸਵਾਰ ਪਿਓ- ਪੁੱਤ ’ਤੇ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸਦੇ ਚਲਦਿਆਂ ਪਿਓ ਦੀ ਮੌਤ ਹੋ ਗਈ ਜਦਕਿ ਪੁੱਤ ਜ਼ਖ਼ਮੀ ਹੋ ਗਿਆ। ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ।
ਘਟਨਾ ਦਾ ਪਤਾ ਲਗਦਿਆਂ ਹੀ ਡੀਐਸਪੀ ਸਤਨਾਮ ਸਿੰਘ ਤੇ ਥਾਣਾ ਬਰੀਵਾਲਾ ਪੁਲਿਸ ਮੌਕੇ ’ਤੇ ਪਹੁੰਚ ਗਈ। ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਬਾਜਾ ਮਰਾੜ ਵਾਸੀ ਲਖਵੀਰ ਸਿੰਘ ਤੇ ਉਸਦਾ ਬੇਟਾ ਪਿਆਰਜੀਤ ਸਿੰਘ ਬਠਿੰਡਾ ਵਿਖੇ ਲਖਵੀਰ ਸਿੰਘ ਦੀ ਦਾਵਈ ਲੈਣ ਲਈ ਪਿੰਡ ਬਾਜਾ ਮਰਾੜ ਤੋਂ ਖਾਰੇ ਵਾਲੇ ਰਸਤੇ ਮੇਨ ਰੋਡ ਵੱਲ ਨੂੰ ਜਾ ਰਹੇ ਸੀ ਕਿ ਜਦ ਉਹ ਬਾਜਾ ਮਰਾੜ ਤੋਂ ਖਾਰੇ ਵਾਲੇ ਰਸਤੇ ਪਿੰਡ ਤੋਂ ਥੋੜ੍ਹੀ ਦੂਰ ਗਏ ਤਾਂ ਇਕ ਸੁੰਨਸਾਨ ਜਗ੍ਹਾ ’ਤੇ ਖੜ੍ਹੇ ਕਰੀਬ 4-5 ਲੁਟੇਰਿਆਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਲਖਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸਦੀ ਮੌਤ ਹੋ ਗਈ। ਪਿਆਰਜੀਤ ਸਿੰਘ ਦੇ ਰੌਲਾ ਪਾਉਣ ’ਤੇ ਲੁਟੇਰੇ ਫਰਾਰ ਹੋ ਗਏ, ਜਿਸਤੋਂ ਬਾਅਦ ਪਿਆਰਜੀਤ ਨੇ ਆਪਣੇ ਘਰ ਫੋਨ ਕਰ ਕੇ ਦੱਸਿਆ ਤਾਂ ਪਿੰਡ ਵਾਲੇ ਘਟਨਾ ਸਥਾਨ ’ਤੇ ਪੁੱਜੇ ਗਏ।
ਲਖਵੀਰ ਸਿੰਘ ਅਤੇ ਪਿਆਰਜੀਤ ਨੂੰ ਮੁਕਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਲਖਵੀਰ ਸਿੰਘ (53) ਮ੍ਰਿਤਕ ਐਲਾਨ ਦਿੱਤਾ ਗਿਆ। ਜਦਕਿ ਪਿਆਰਜੀਤ ਸਿੰਘ ਹਾਲਤ ਸਥਿਰ ਹੈ। ਪੁਲਿਸ ਵੱਲੋਂ ਦੇਹ ਨੂੰ ਪੋਸਟਪਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।