View in English:
October 19, 2024 6:10 pm

ਪੱਛਮੀ ਗੜਬੜੀ ਕਾਰਨ ਪਹਾੜਾਂ ’ਚ ਹੋਵੇਗੀ ਬਰਫਬਾਰੀ ਸ਼ੁਰੂ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 19

ਮੌਨਸੂਨ ਦੀ ਵਾਪਸੀ ਦੇ ਨਾਲ ਹੀ ਮੌਸਮ ’ਚ ਉਤਾਰ-ਚੜ੍ਹਾਅ ਸ਼ੁਰੂ ਹੋ ਗਿਆ ਹੈ। ਉੱਤਰ ਭਾਰਤ ਦੇ ਸੂਬਿਆਂ ’ਚ ਤਾਪਮਾਨ ’ਚ ਗਿਰਾਵਟ ਹੈ। ਫਿਰ ਵੀ ਇਹ ਆਮ ਨਾਲੋਂ ਜ਼ਿਆਦਾ ਹੈ। ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਇਕ ਹਫਤੇ ਤੱਕ ਦੇਸ਼ ਦੇ ਉੱਤਰੀ ਹਿੱਸੇ ’ਚ ਮੌਸਮ ’ਚ ਵੱਡੇ ਬਦਲਾਅ ਤੋਂ ਇਨਕਾਰ ਕੀਤਾ ਹੈ, ਪਰ ਪਾਕਿਸਤਾਨ ’ਚ ਪੱਛਮੀ ਗੜਬੜੀ ਦੀ ਸਥਿਤੀ ਬਣ ਰਹੀ ਹੈ, ਜਿਸਦਾ ਅਸਰ 24 ਅਕਤੂਬਰ ਤੱਕ ਉੱਤਰ ਭਾਰਤ ਦੇ ਪਹਾੜਾਂ ’ਤੇ ਦੇਖਿਆ ਜਾਏਗਾ। ਸਕਾਈਮੈਟ ਮੁਤਾਬਕ ਪੱਛਮੀ ਗੜਬੜੀ ਕਾਰਨ ਦੀਵਾਲੀ ਤੋਂ ਪਹਿਲਾਂ ਉੱਤਰ ਭਾਰਤ ’ਚ ਠੰਢ ਦੀ ਸ਼ੁਰੂਆਤ ਹੋ ਜਾਵੇਗੀ। ਹਾਲਾਂਕਿ ਫਿਰ ਵੀ ਜ਼ਿਆਦਾ ਠੰਢ ਨਹੀਂ ਪਵੇਗੀ, ਪਰ ਲੋਕਾਂ ਨੂੰ ਅੱਗੇ ਲਈ ਚੌਕਸ ਜ਼ਰੂਰ ਕਰ ਦੇਵੇਗੀ।

ਭਾਰਤ ’ਚ ਠੰਢ ਦੀ ਸ਼ੁਰੂਆਤ ਉੱਤਰ ਪੱਛਮੀ ਹਵਾਵਾਂ ਜ਼ਰੀਏ ਹੁੰਦੀ ਹੈ। ਪੱਛਮੀ ਗੜਬੜੀ ਕਾਰਨ ਉੱਤਰ ਭਾਰਤ ਦੀਆਂ ਪਹਾੜੀਆਂ ’ਚ ਬਰਫਬਾਰੀ ਹੁੰਦੀ ਹੈ। ਪਿਛਲੇ ਸਾਲ ਦਸੰਬਰ ਤੱਕ ਪੱਛਮੀ ਗੜਬੜੀ ਨਹੀਂ ਆਈ ਸੀ, ਜਿਸ ਕਾਰਨ ਠੰਢ ਦੀ ਸ਼ੁਰੂਆਤ ਕਾਫ਼ੀ ਦੇਰ ਨਾਲ ਹੋਈ ਸੀ। ਆਮ ਤੌਰ ’ਤੇ ਪੱਛਮੀ ਗੜਬੜੀ ਦਾ ਸਮਾਂ ਅਕਤੂਬਰ ਤੋਂ ਮਾਰਚ ਤੱਕ ਹੁੰਦਾ ਹੈ। ਇਸ ਵਾਰੀ 24 ਅਕਤੂਬਰ ਨੂੰ ਪਹਿਲੀ ਵਾਰੀ ਦਸਤਕ ਦੇਵੇਗਾ ਤੇ ਅਗਲੇ ਤਿੰਨ ਦਿਨਾਂ ਤੱਕ ਬਰਕਰਾਰ ਰਹੇਗਾ। ਇਸ ਨਾਲ ਪਹਾੜਾਂ ’ਚ ਚੰਗੀ ਬਰਪ਼ਬਾਰੀ ਹੋਵੇਗੀ। ਉਸ ਤੋਂ ਬਾਅਦ ਇਹ ਪੂਰਬੀ ਦਿਸ਼ਾ ਵੱਲ ਵੱਧ ਜਾਏਗਾ। ਫਿਰ ਉੱਤਰ ਪੱਛਮ ਤੋਂ ਜਿਹੜੀਆਂ ਹਵਾਵਾਂ ਚੱਲਣਗੀਆਂ, ਉਹ ਠੰਢ ਲੈ ਕੇ ਆਉਣਗੀਆਂ।

Leave a Reply

Your email address will not be published. Required fields are marked *

View in English