View in English:
January 22, 2025 9:23 pm

ਪੰਜਾਬ ਸਰਕਾਰ ਦਾ ਫੈਸਲਾ : ਰਣਜੀਤ ਸਾਗਰ ਝੀਲ ‘ਚ ਨਹੀਂ ਚੱਲਣਗੀਆਂ ਪਾਣੀ ਵਾਲੀਆਂ ਬੱਸਾਂ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਜਨਵਰੀ 22

ਰਣਜੀਤ ਸਾਗਰ ਝੀਲ ‘ਚ ਸ਼ੁਰੂ ਨਹੀਂ ਹੋਵੇਗੀ ਜਲ ਬੱਸ ਸੇਵਾ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਜਲ ਬੱਸ ਸੇਵਾ ਸ਼ੁਰੂ ਕਰਨਾ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਬਰਾਬਰ ਹੈ ਕਿਉਂਕਿ ਖਰੀਦੀਆਂ ਗਈਆਂ ਬੱਸਾਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਜੇਕਰ ਇਨ੍ਹਾਂ ਬੱਸਾਂ ਨੂੰ ਰਣਜੀਤ ਸਾਗਰ ਝੀਲ ਵਿੱਚ ਉਤਾਰ ਦਿੱਤਾ ਜਾਵੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਅਜਿਹੇ ‘ਚ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਸ ‘ਤੇ ਪਾਬੰਦੀ ਲਗਾ ਦਿੱਤੀ ਹੈ।

ਸੈਰ ਸਪਾਟਾ ਮੰਤਰੀ ਸੌਂਦ ਨੇ ਕਿਹਾ ਕਿ ਇਹ ਸਹੂਲਤ 2016 ਵਿੱਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਸ਼ੁਰੂ ਕੀਤੀ ਗਈ ਸੀ ਪਰ ਇਸ ਦੇ ਨਾਂ ’ਤੇ ਕਰੋੜਾਂ ਰੁਪਏ ਖਰਚ ਕੇ ਭ੍ਰਿਸ਼ਟਾਚਾਰ ਕੀਤਾ ਗਿਆ। ਇਹ ਜਲ ਬੱਸ ਸੇਵਾ 8.63 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਸੀ। ਰਣਜੀਤ ਸਾਗਰ ਝੀਲ ਵਿਖੇ ਇਹ ਸੇਵਾ ਬਹੁਤ ਥੋੜ੍ਹੇ ਸਮੇਂ ਲਈ ਚਲਾਈ ਗਈ ਸੀ। ਵਿਭਾਗ ਨੇ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਵੀ ਅਧਿਕਾਰੀ ਇਸ ਵਿੱਚ ਸ਼ਾਮਲ ਸਨ ਅਤੇ ਕਿਸ ਫਰਮ ਰਾਹੀਂ ਸਰਕਾਰ ਦੇ ਸਮੇਂ ਦੌਰਾਨ ਇਹ ਜਲ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ, ਉਨ੍ਹਾਂ ਨੂੰ ਬਲੈਕਲਿਸਟ ਕੀਤਾ ਜਾਵੇਗਾ।

ਮੰਤਰੀ ਸੌਂਦ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਕੀਮ ‘ਤੇ 8.63 ਕਰੋੜ ਰੁਪਏ ਖਰਚ ਕਰਨਾ ਗਲਤ ਫੈਸਲਾ ਸੀ। ਮੰਤਰੀ ਨੇ ਕਿਹਾ ਕਿ ਇਸ ਜਲ ਬੱਸ ਸਕੀਮ ‘ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ, ਜਦਕਿ ਆਮਦਨ ਨਾਂਮਾਤਰ ਹੈ। ਇਹ ‘ਸੁਪਰ ਫੇਲ’ ਪ੍ਰਾਜੈਕਟ ਪਿਛਲੀਆਂ ਸਰਕਾਰਾਂ ਦੇ ਗਲਤ ਫੈਸਲਿਆਂ ਦਾ ਨਤੀਜਾ ਹੈ, ਜਿਸ ਕਾਰਨ ਜਨਤਾ ਦੇ ਪੈਸੇ ਦੀ ਬਰਬਾਦੀ ਹੋਈ। ਇਹ ਪੈਸਾ ਲੋਕ ਭਲਾਈ ਸਕੀਮਾਂ ਵਿੱਚ ਵਰਤਿਆ ਜਾ ਸਕਦਾ ਸੀ।

Leave a Reply

Your email address will not be published. Required fields are marked *

View in English