10 ਮਾਰਚ ਤੋਂ ਸ਼ੁਰੂ ਹੋਵੇਗੀ ਆਨਲਾਈਨ ਪ੍ਰਕਿਰਿਆ
ਚੰਡੀਗੜ੍ਹ, 06 ਮਾਰਚ 2026
ਪੰਜਾਬ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਵਿਭਾਗ ਨੇ ਇਸ ਸਾਲ 3,298 ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀ ਦੇਣ ਦੀ ਪ੍ਰਕਿਰਿਆ 10 ਮਾਰਚ 2026 ਤੋਂ ਸ਼ੁਰੂ ਹੋਵੇਗੀ, ਜੋ ਕਿ 30 ਮਾਰਚ ਦੀ ਰਾਤ 11:55 ਵਜੇ ਤੱਕ ਜਾਰੀ ਰਹੇਗੀ। ਉਮੀਦਵਾਰਾਂ ਦੀ ਸਹੂਲਤ ਲਈ ਵਿਭਾਗ ਵੱਲੋਂ ਵਿਸ਼ੇਸ਼ QR ਕੋਡ ਵੀ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੂੰ ਸਕੈਨ ਕਰਕੇ ਸਿੱਧਾ ਅਧਿਕਾਰਤ ਭਰਤੀ ਲਿੰਕ ‘ਤੇ ਪਹੁੰਚਿਆ ਜਾ ਸਕੇਗਾ।
ਕੁੱਲ 3,298 ਅਸਾਮੀਆਂ ਵਿੱਚੋਂ 2,522 ਅਹੁਦੇ ਜ਼ਿਲ੍ਹਾ ਪੁਲਿਸ ਕੇਡਰ ਲਈ ਰਾਖਵੇਂ ਰੱਖੇ ਗਏ ਹਨ, ਜਦਕਿ 766 ਅਸਾਮੀਆਂ ਹਥਿਆਰਬੰਦ ਪੁਲਿਸ ਕੇਡਰ (Armed Police Cadre) ਲਈ ਹੋਣਗੀਆਂ। ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਪੁਲਿਸ ਵਿਭਾਗ ਨੇ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਹੈ ਅਤੇ ਹੈਲਪਲਾਈਨ ਨੰਬਰ 02261306246 ਜਾਰੀ ਕੀਤਾ ਹੈ। ਇਸ ਨੰਬਰ ‘ਤੇ ਸੰਪਰਕ ਕਰਕੇ ਉਮੀਦਵਾਰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਸੁਝਾਅ ਦਰਜ ਕਰਵਾ ਸਕਦੇ ਹਨ।
ਵਿਭਾਗ ਵੱਲੋਂ ਜਲਦੀ ਹੀ ਹਰੇਕ ਅਹੁਦੇ ਲਈ ਲੋੜੀਂਦੀ ਵਿਦਿਅਕ ਯੋਗਤਾ ਅਤੇ ਸਰੀਰਕ ਮਾਪਦੰਡਾਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਅਰਜ਼ੀਆਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵਿਭਾਗ ਅਗਲੇਰੀ ਚੋਣ ਪ੍ਰਕਿਰਿਆ ਸ਼ੁਰੂ ਕਰੇਗਾ। ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਮੇਂ ਸਿਰ ਆਪਣੇ ਦਸਤਾਵੇਜ਼ ਤਿਆਰ ਰੱਖਣ ਤਾਂ ਜੋ ਆਖਰੀ ਮਿਤੀ ਵੇਲੇ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।







