View in English:
October 24, 2024 4:56 pm

ਪੰਜਾਬ ਪੁਲਿਸ ਨੇ ਸਾਬਕਾ ਵਿਧਾਇਕ ਸਤਕਾਰ ਕੌਰ, ਉਸ ਦੇ ਭਤੀਜੇ ਨੂੰ ਖਰੜ ਤੋਂ ਹੈਰੋਇਨ ਤਸਕਰੀ ਕਰਦਿਆਂ ਕੀਤਾ ਗ੍ਰਿਫਤਾਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਕਤੂਬਰ 24

ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਨੇ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਸਦੇ ਭਤੀਜੇ ਨੂੰ ਖਰੜ ਦੇ ਸੰਨੀ ਇਨਕਲੇਵ ਨੇੜੇ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਹ 100 ਗ੍ਰਾਮ ਹੈਰੋਇਨ ਦੀ ਤਸਕਰੀ ਕਰਨ ਦੀ ਫ਼ਿਰਾਖ਼ ਵਿੱਚ ਸਨ।

ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਇੱਥੇ ਦੱਸਿਆ ਕਿ ਫੜੇ ਗਏ ਮੁਲਜ਼ਮ (ਭਤੀਜੇ) ਦੀ ਪਛਾਣ ਜਸਕੀਰਤ ਸਿੰਘ ਵਜੋਂ ਹੋਈ ਹੈ, ਜੋ ਕਿ ਫਿਰੋਜ਼ਪੁਰ ਦੇ ਪਿੰਡ ਬਹਿਬਲ ਖੁਰਦ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਖਰੜ ਦੇ ਸੰਨੀ ਇਨਕਲੇਵ ਵਿਖੇ ਸਾਬਕਾ ਵਿਧਾਇਕ ਦੇ ਘਰ ਰਹਿੰਦਾ ਹੈ। ਕਾਰ ਨੂੰ ਦੋਸ਼ੀ ਜਸਕੀਰਤ ਚਲਾ ਰਿਹਾ ਸੀ, ਜਦਕਿ ਸਾਬਕਾ ਵਿਧਾਇਕ ਉਸ ਦੇ ਨਾਲ ਬੈਠੀ ਸੀ। ਦੋਸ਼ੀ ਸਤਕਾਰ ਕੌਰ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ 2017-2022 ਤੱਕ ਵਿਧਾਇਕ ਰਹਿ ਚੁੱਕੀ ਹੈ।

ਬਾਅਦ ਵਿੱਚ ਪੁਲਿਸ ਟੀਮਾਂ ਨੇ ਸਾਬਕਾ ਵਿਧਾਇਕ ਦੇ ਘਰੋਂ 28 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ, ਜਿਸ ਨਾਲ ਹੈਰੋਇਲ ਦੀ ਕੁੱਲ ਬਰਾਮਦਗੀ 128 ਗ੍ਰਾਮ ਹੋ ਗਈ ਅਤੇ ਘਰ ਦੀ ਤਲਾਸ਼ੀ ਦੌਰਾਨ 1.56 ਲੱਖ ਦੀ ਨਕਦੀ, ਕੁਝ ਸੋਨੇ ਦੇ ਗਹਿਣੇ ਅਤੇ ਹਰਿਆਣਾ ਅਤੇ ਦਿੱਲੀ ਨੰਬਰ ਵਾਲੀਆਂ ਕਈ ਕਾਰਾਂ ਦੀਆਂ ਰਜਿਸਟਰੇਸ਼ਨ ਨੰਬਰ ਪਲੇਟਾਂ ਵੀ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਟੋਇਟਾ ਫਾਰਚੂਨਰ, ਬੀ.ਐਮ.ਡਬਲਯੂ., ਹੁੰਡਈ ਵਰਨਾ ਅਤੇ ਸ਼ੇਵਰਲੇ ਸਮੇਤ ਚਾਰ ਵਾਹਨ ਵੀ ਜ਼ਬਤ ਕੀਤੇ ਗਏ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਏ.ਐਨ.ਟੀ.ਐਫ ਦੀਆਂ ਟੀਮਾਂ ਨੂੰ ਭਰੋਸੇਯੋਗ ਸੂਤਰ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਉਹ (ਸੂਤਰ) ਸਾਬਕਾ ਵਿਧਾਇਕ ਸਤਕਾਰ ਕੌਰ ਤੋਂ ਨਸ਼ਾ ਖਰੀਦ ਰਿਹਾ ਹੈ। ਉਸ ਨੇ ਕਿਹਾ ਕਿ ਸੂਤਰ ਨੇ ਪੁਲਿਸ ਟੀਮਾਂ ਨੂੰ ਕੁਝ ਮੋਬਾਈਲ ਨੰਬਰ ਅਤੇ ਕਾਲ ਰਿਕਾਰਡਿੰਗਾਂ ਸਮੇਤ ਪੁਖਤਾ ਸਬੂਤ ਵੀ ਪ੍ਰਦਾਨ ਕੀਤੇ, ਜੋ ਕਿ ਸਾਬਕਾ ਵਿਧਾਇਕ ਦੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦਾ ਸੰਕੇਤ ਦਿੰਦੇ ਹਨ।

ਇਤਲਾਹ ’ਤੇ ਕਾਰਵਾਈ ਕਰਦੇ ਹੋਏ, ਇੱਕ ਸਟਿੰਗ ਆਪ੍ਰੇਸ਼ਨ ਦੀ ਯੋਜਨਾ ਬਣਾਈ ਗਈ ਅਤੇ ਇੱਕ ਫਰਜ਼ੀ ਗਾਹਕ ਜਿਸਨੇ ਸਾਬਕਾ ਵਿਧਾਇਕ ਨਾਲ ਸੌਦਾ ਕੀਤਾ , ਨੂੰ ਸੌਦੇ ਨੂੰ ਅੰਜਾਮ ਦੇਣ ਲਈ ਸੰਨੀ ਇਨਕਲੇਵ ਦੇ ਨੇੜੇ ਇੱਕ ਕਿਓਸਕ ਦੇ ਨੇੜੇ ਪਹਿਲਾਂ ਤੋਂ ਨਿਰਧਾਰਤ ਸਥਾਨ ’ਤੇ ਭੇਜਿਆ ਗਿਆ। ਉਨਾਂ ਕਿਹਾ ਕਿ ਜਦੋਂ ਉਹ(ਗਾਹਕ) ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਪ੍ਰਾਪਤ ਕਰ ਰਿਹਾ ਸੀ ਤਾਂ ਏਐਨਟੀਐਫ ਦੀਆਂ ਟੀਮਾਂ ਨੇ ਤੁਰੰਤ ਦਖਲ ਦਿੱਤਾ ਅਤੇ ਮੌਕੇ ਤੋਂ ਭੱਜਣ ਦੀ ਅਸਫਲ ਕੋਸ਼ਿਸ਼ ਕਰਦੇ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ।

ਆਪ੍ਰੇਸ਼ਨ ਦੌਰਾਨ, ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਜਦੋਂ ਦੋਸ਼ੀ ਡਰਾਈਵਰ ਨੇ ਉਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਆਈਜੀਪੀ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਦੇ ਘਰ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ, ਜਿਸ ਦੌਰਾਨ 28 ਗ੍ਰਾਮ ਹੈਰੋਇਨ, ਨਕਦੀ (ਸੰਭਾਵਿਤ ਡਰੱਗ ਮਨੀ) ਅਤੇ ਲਗਜ਼ਰੀ ਕਾਰਾਂ ਅਤੇ ਕਈ ਵਾਹਨਾਂ ਦੀਆਂ ਨੰਬਰ ਪਲੇਟਾਂ ਬਰਾਮਦ ਕੀਤੀਆਂ ਗਈਆਂ, ਜੋ ਸਤਕਾਰ ਕੌਰ ਨੂੰ ਵੱਡੀਆਂ ਨਾਜਾਇਜ਼ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸੰਕੇਤ ਦਿੰਦੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਤਫਤੀਸ਼ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ। ਇਸ ਸਬੰਧ ਵਿਚ ਐਫਆਈਆਰ ਨੰ. 159 ਮਿਤੀ 23/10/2024 ਨੂੰ ਥਾਣਾ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.), ਐਸ.ਏ.ਐਸ.ਨਗਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਅਤੇ 29 ਅਧੀਨ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *

View in English