ਪੰਜਾਬ ਦੇ 3100 ਪਿੰਡਾਂ ਵਿੱਚ 1100 ਕਰੋੜ ਰੁਪਏ ਨਾਲ ਬਣਾਏ ਜਾ ਰਹੇ ਹਨ ਖੇਡ ਸਟੇਡੀਅਮ: ਅਮਨ ਅਰੋੜਾ

ਫੈਕਟ ਸਮਾਚਾਰ ਸੇਵਾ

ਸੁਨਾਮ, ਨਵੰਬਰ 13

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਕੀਤੇ ਤਹੀਏ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਹਰ ਪਿੰਡ ਵਿੱਚ ਵਧੀਆ ਖੇਡ ਢਾਂਚਾ ਉਪਲਬਧ ਕਰਵਾਉਣ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ 11 ਪਿੰਡਾਂ ਵਿੱਚ ਬਣਨ ਵਾਲੇ ਸਟੇਡੀਅਮਾਂ ਦੇ ਕੰਮ ਦੀ ਸ਼ੁਰੂਆਤ ਕੀਤੀ। ਇਹਨਾਂ ਸਟੇਡੀਅਮਾਂ ਉੱਤੇ ਕੁੱਲ 05 ਕਰੋੜ 32 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਇਹ ਕਰੀਬ 03 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਣਗੇ।

ਇਸ ਮੌਕੇ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੇ 3100 ਪਿੰਡਾਂ ਵਿੱਚ ਕਰੀਬ 1100 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ
ਬਣਾਏ ਜਾ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ 29 ਪਿੰਡਾਂ ਵਿੱਚ ਕਰੀਬ 11.5 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾਣੇ ਹਨ।

ਇਹ ਸਟੇਡੀਅਮ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਵਧੀਆ ਮੌਕਾ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ “ਹਰ ਪਿੰਡ ਖੇਡ ਮੈਦਾਨ” ਮੁਹਿੰਮ ਨੂੰ ਮਿਸ਼ਨ ਦੇ ਰੂਪ ਵਿੱਚ ਅੱਗੇ ਵਧਾ ਰਹੀ ਹੈ, ਤਾਂ ਜੋ ਪਿੰਡ ਪੱਧਰ ‘ਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਨਾਮ ਜਿਹੜੇ ਪਿੰਡਾਂ ਵਿੱਚ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਉਹਨਾਂ ਵਿੱਚ ਪਿੰਡ ਕਿਲਾ ਹਕੀਮਾਂ ਵਿਖੇ 65.09 ਲੱਖ, ਸ਼ੇਰੋਂ ਵਿਖੇ 52.43 ਲੱਖ, ਸ਼ਾਹਪੁਰ ਕਲਾਂ ਵਿਖੇ 39.10 ਲੱਖ, ਝਾੜੋਂ ਵਿਖੇ 117.16 ਲੱਖ, ਤੋਗਾਵਾਲ ਵਿਖੇ 41.56 ਲੱਖ, ਢੱਡਰੀਆਂ ਵਿਖੇ 26.28 ਲੱਖ, ਸਾਹੋਕੇ ਵਿਖੇ 35.57 ਲੱਖ, ਤੱਕੀਪੁਰ ਵਿਖੇ 23.94 ਲੱਖ, ਮੰਡੇਰ ਕਲਾਂ ਵਿਖੇ 45.98 ਲੱਖ, ਲੋਹਾਖੇੜਾ ਵਿਖੇ 41.02 ਲੱਖ, ਪਿੰਡੀ ਅਮਰ ਸਿੰਘ ਵਾਲੀ ਵਿਖੇ 43.70 ਲੱਖ ਰੁਪਏ ਦੀ ਲਾਗਤ ਸਟੇਡੀਅਮ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਿਰਫ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਸਿਹਤਮੰਦ ਅਤੇ ਉਤਸ਼ਾਹ ਵਾਲੇ ਜੀਵਨ ਵੱਲ ਮੋੜਨਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਖੇਡਾਂ ਦੇ ਨਾਲ ਨਾਲ ਪਿੰਡ ਪੱਧਰ ‘ਤੇ ਸਮਾਜਕ ਇਕਜੁੱਟਤਾ ਦੇ ਕੇਂਦਰ ਵਜੋਂ ਵੀ ਕੰਮ ਕਰਨਗੇ।

ਇਸ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਪੰਚਾਇਤ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ। ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਸਰਕਾਰ ਨੇ ਪਿੰਡ ਪੱਧਰ ‘ਤੇ ਖੇਡਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਇਤਿਹਾਸਕ ਕਦਮ ਚੁੱਕਿਆ ਹੈ।

Leave a Reply

Your email address will not be published. Required fields are marked *

View in English