ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਅਪ੍ਰੈਲ 17
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਵਲੋਂ ਇਸ ਸਾਲ ਦੇ ਝੋਨੇ ਦੇ ਸੀਜ਼ਨ ਲਈ ਬਿਜਲੀ ਦੀ ਮੰਗ ਅਤੇ ਸਪਲਾਈ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈ ਹਨ।
ਇਹ ਜਾਣਕਾਰੀ ਇੱਥੇ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਅਜੋਏ ਸਿਨਹਾ ਅਤੇ ਸਾਰੇ ਡਾਇਰੈਕਟਰਜ ਤੇ ਚੀਫ਼ ਇੰਜੀਨੀਅਰਾਂ ਨਾਲ ਇਕ ਉਚ ਪੱਧਰੀ ਮੀਟਿੰਗ ਉਪਰੰਤ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਝੋਨੇ ਦੇ ਇਸ ਸੀਜ਼ਨ ਦੌਰਾਨ ਲਗਭਗ 17 ਹਜ਼ਾਰ ਮੈਗਾਵਾਟ ਬਿਜਲੀ ਦੀ ਜ਼ਰੂਰਤ ਪਵੇਗੀ ਜਿਸ ਲਈ ਪੀ.ਐਸ.ਪੀ.ਸੀ.ਐਲ ਵਲੋਂ ਅਗਾਊਂ ਪ੍ਰਬੰਧ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਗਰਮੀ ਦੇ ਮੌਸਮ ਦੌਰਾਨ ਘਰੇਲੂ ਖਪਤਕਾਰਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਜਿਵੇਂ ਬੀਤੇ ਤਿੰਨ ਸਾਲਾਂ ਦੌਰਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਮੁੱਹਈਆ ਕਰਵਾਈ ਹੈ ਉਸੇ ਤਰ੍ਹਾਂ ਇਸ ਵਰ੍ਹੇ ਵੀ ਸਪਲਾਈ ਮੁੱਹਈਆ ਕਰਵਾਈ ਜਾਵੇਗੀ।
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਪੀ.ਐਸ.ਪੀ.ਸੀ.ਐਲ.ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਠਿੰਡਾ ਥਰਮਲ ਪਲਾਂਟ ਅਤੇ ਗੁਰੂ ਅਮਰਦਾਸ ਥਰਮਲ ਪਲਾਂਟ ( ਜਿਸਦਾ ਪਹਿਲਾਂ ਨਾਮ ਜੀ.ਵੀ.ਕੇ.ਥਰਮਲ ਪਲਾਂਟ ਸੀ) ਦਾ ਸਰਵੇ ਕਰਵਾਇਆ ਜਾਵੇ,ਇਸ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ ਕੋਲ ਪਈ ਸਰਪਲੱਸ ਜ਼ਮੀਨ ਉਤੇ ਸੋਲਰ ਪਾਵਰ ਪਲਾਂਟ ਲਗਾਉਣ ਲਈ ਸੰਭਾਵਨਾਵਾਂ ਤਲਾਸ਼ਣ ਦੇ ਵੀ ਹੁਕਮ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੂਬੇ ਵਿਚ ਕਿਸੇ ਵੀ ਟਰਾਂਸਫਾਰਮਰ ਨੂੰ ਉਵਰਲੋਡ ਨਾ ਰਹਿਣ ਦਿੱਤਾ ਜਾਵੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੂਬੇ ਵਿਚ ਅਗਲੇ 10 ਸਾਲਾਂ ਵਿਚ ਪੈਦਾ ਹੋਣ ਵਾਲੀ ਬਿਜਲੀ ਦੀ ਮੰਗ ਦੀ ਪੂਰਤੀ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕੀਤੀਆਂ ਜਾਣ ਤੋਂ ਜ਼ੋ ਉਸ ਮੰਗ ਅਨੁਸਾਰ ਸਮਾਂ ਰਹਿੰਦਿਆਂ ਪ੍ਰਬੰਧ ਕਰ ਲਏ ਜਾਣ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀ.ਐਸ.ਪੀ.ਸੀ.ਐਲ.ਦੇ ਕਰਮਚਾਰੀਆਂ ਦੀ ਬਦਲੀਆਂ ਸਬੰਧੀ ਵੀ ਪਾਲਿਸੀ ਤਿਆਰ ਕੀਤੀ ਜਾਵੇ।