ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਫਰਵਰੀ 8
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ 12 ਤੇ 13 ਫਰਵਰੀ ਨੂੰ ਅਮਰੀਕਾ ਦੀ ਯਾਤਰਾ ’ਤੇ ਜਾ ਰਹੇ ਹਨ, ਜਿਥੇ ਉਨ੍ਹਾਂ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੁਵੱਲੀ ਮੀਟਿੰਗ ਹੋਵੇਗੀ। ਇਸ ’ਚ ਕਾਰੋਬਾਰ ਤੇ ਫ਼ੌਜੀ ਸਹਿਯੋਗ ਦੇ ਮੁੱਦੇ ਸਭ ਤੋਂ ਜ਼ਿਆਦਾ ਅਹਿਮ ਹੋਣਗੇ। ਟਰੰਪ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ’ਤੇ ਦੁਬਾਰਾ ਕਾਬਜ਼ ਹੋਏ ਹਨ। ਉਨ੍ਹਾਂ ਨੇ ਸਿਰਫ ਭਾਰਤ ਖ਼ਿਲਾਫ਼ ਜ਼ਿਆਦਾ ਟੈਕਸ ਲਾਉਣ ਦੀ ਗੱਲ ਕਹੀ ਬਲਕਿ ਉਥੇ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲੇ ਭਾਰਤੀਆਂ ਨੂੰ ਹੱਥਕੜੀਆਂ ਤੇ ਬੇੜੀਆਂ ’ਚ ਭੇਜਿਆ ਹੈ। ਉਨ੍ਹਾਂ ਈਰਾਨ ’ਚ ਚਾਬਹਾਰ ਪੋਰਟ ਬਣਾਉਣ ਨੂੰ ਲੈ ਕੇ ਭਾਰਤ ਨੂੰ ਪਾਬੰਦੀ ਤੋਂ ਮਿਲੀ ਛੋਟ ਨੂੰ ਖਤਮ ਕਰਨ ਦੀ ਵੀ ਤਜਵੀਜ਼ ਰੱਖੀ ਹੈ। ਇਸ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਨੇ ਸੱਤਾ ਸੰਭਾਲਣ ਦੇ ਤਿੰਨ ਹਫ਼ਤਿਆਂ ਵਿਚ ਹੀ ਪੀਐੱਮ ਮੋਦੀ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ।
ਮੋਦੀ ਤੇ ਟਰੰਪ ਵਿਚਾਲੇ ਹੋਣ ਵਾਲੀ ਮੁਲਾਕਾਤ ’ਚ ਰਿਸ਼ਤਿਆਂ ’ਚ ਕੁੜੱਤਣ ਘੋਲਣ ਵਾਲੇ ਇਨ੍ਹਾਂ ਮੁੱਦਿਆਂ ’ਤੇ ਵੀ ਗੱਲ ਹੋਵੇਗੀ। ਮੋਦੀ ਦੀ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ‘ਪੀਐੱਮ ਮੋਦੀ ਦੁਨੀਆ ਦੇ ਗਿਣੇ-ਚੁਣੇ ਆਗੂ ਹੋਣਗੇ, ਜਿਨ੍ਹਾਂ ਦੀ ਮੁਲਾਕਾਤ ਰਾਸ਼ਟਰਪਤੀ ਟਰੰਪ ਦੇ ਦੁਬਾਰਾ ਸੱਤਾ ’ਚ ਆਉਣ ਦੇ ਫੌਰੀ ਬਾਅਦ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨਿਵੇਸ਼, ਤਕਨੀਕ, ਕਾਰੋਬਾਰ, ਰੱਖਿਆ ਸਹਿਯੋਗ ਤੇ ਹਿੰਦ ਪ੍ਰਸ਼ਾਂਤ ਖੇਤਰ ਦਾ ਮੁੱਦਾ ਅਹਿਮ ਰਹੇਗਾ।