View in English:
January 10, 2025 2:56 pm

ਪਿੰਡ ਪੱਬਰਾ ‘ਚ ਪਹਿਲੀ ਵਾਰ ਮਨਾਈ ਧੀਆਂ ਦੀ ਲੋਹੜੀ

ਫੈਕਟ ਸਮਾਚਾਰ ਸੇਵਾ

ਸ਼ੰਭੂ, ਜਨਵਰੀ 9

ਸ਼ੰਭੂ ਬਲਾਕ ਦੇ ਪਿੰਡ ਪੱਬਰਾ ਵਿਖੇ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲੀ ਵਾਰ ਧੀਆਂ ਦੀ ਲੋਹੜੀ ਮਨਾਉਣ ਲਈ ਸਰਕਾਰੀ ਮਿਡਲ ਸਮਾਰਟ ਸਕੂਲ ਪੱਬਰਾ ਵਿਖੇ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ।
ਸਮਾਰੋਹ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦੇ ਹੋਏ ਲੋਹੜੀ ਬਾਲ ਕੇ ਧੀਆਂ ਦੇ ਮਾਪਿਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ ਅਤੇ ਲੋਕ ਧੀਆਂ ਦੀ ਲੋਹੜੀ ਖੁਸ਼ੀ-ਖੁਸ਼ੀ ਮਨਾ ਰਹੇ ਹਨ, ਕਿਉਂਕਿ ਧੀਆਂ ਤੇ ਪੁੱਤਰਾਂ ‘ਚ ਕੋਈ ਫ਼ਰਕ ਨਹੀਂ ਹੈ, ਜਿਸ ਲਈ ਧੀਆਂ ਦੀ ਲੋਹੜੀ ਦੇ ਤਿਉਹਾਰ ਪਿੰਡ-ਪਿੰਡ ਮਨਾਏ ਜਾ ਰਹੇ ਹਨ।
ਡਾ. ਗੁਰਪ੍ਰੀਤ ਕੌਰ ਮਾਨ ਨੇ ਪਿੰਡ ਪੱਬਰਾ ਦੀ ਪੰਚਾਇਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਬੱਚਾ ਇੱਕ ਸਮਾਨ ਹੈ ਅਤੇ ਨਵੇਂ ਜਨਮੇ ਬੱਚਿਆਂ ਦੀ ਖੁਸ਼ੀ ਮਨਾਉਣਾ ਸਾਡਾ ਸੱਭਿਆਚਾਰ ਤੇ ਵਿਰਾਸਤ ਹੈ ਪਰੰਤੂ ਧੀਆਂ ਦੀ ਲੋਹੜੀ ਪੁੱਤਰਾਂ ਦੇ ਬਰਾਬਰ ਮਨਾਉਣਾ ਇੱਕ ਸ਼ੁੱਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਵੀ ਹੈ ਕਿ ਸਾਡੇ ਸਾਰੇ ਪੁਰਾਤਨ ਤਿਉਹਾਰ ਪਿੰਡਾਂ ਤੇ ਸ਼ਹਿਰਾਂ ‘ਚ ਜਰੂਰ ਮਨਾਏ ਜਾਣ ਅਤੇ ਅੱਜ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਪਿੰਡ ਪੱਬਰਾ ਨੇ ਇਹ ਪਹਿਲਕਦਮੀ ਕੀਤੀ ਹੈ।
ਡਾ. ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਹਿਲਾਂ ਹੀ ਧੀਆਂ ਦੇ ਸ਼ਸਕਤੀਕਰਨ ‘ਤੇ ਜ਼ੋਰ ਦੇ ਰਹੀ ਹੈ ਅਤੇ ਇਸ ਸਬੰਧ ਵਿੱਚ ਬਹੁਤ ਸਾਰੀਆਂ ਸਕੀਮਾਂ ਤੇ ਪ੍ਰੋਗਰਾਮ ਲਾਗੂ ਹਨ, ਜਿਨ੍ਹਾਂ ਦਾ ਲਾਭ ਧੀਆਂ ਦੇ ਮਾਪਿਆਂ ਨੂੰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧੀਆਂ-ਪੁੱਤਰਾਂ ‘ਚ ਕੋਈ ਫਰਕ ਨਹੀਂ ਪਰੰਤੂ ਉਨ੍ਹਾਂ ਨੂੰ ਲੱਗਦਾ ਹੈ ਕਿ ਧੀਆਂ ਦੇ ਮਾਪੇ ਸਗੋਂ ਜਿਆਦਾ ਖੁਸ਼ ਹੁੰਦੇ ਹਨ, ਕਿਉਂਕਿ ਧੀਆਂ ਅੱਜ ਬਹੁਤ ਤਰੱਕੀਆਂ ਕਰ ਰਹੀਆਂ ਹਨ।
ਵਿਧਾਇਕ ਗੁਰਲਾਲ ਘਨੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡਾ. ਗੁਰਪ੍ਰੀਤ ਕੌਰ ਮਾਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਹਿਲਾਂ ਪੱਬਰਾ ਸਮੇਤ ਇਨ੍ਹਾਂ 5 ਪਿੰਡਾਂ ‘ਚ ਲੋਹੜੀਆਂ ਮਨਾਉਣੀਆਂ ਇੱਕ ਵਾਰ ਬੰਦ ਹੀ ਹੋ ਗਈਆਂ ਤੇ ਇਹ ਪਿੰਡ ਉਜਾੜ ਦਿੱਤੇ ਗਏ ਸਨ ਪਰੰਤੂ ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਪਿੰਡਾਂ ਦੀ ਬਾਂਹ ਫੜੀ ਹੈ ਤੇ ਇਹ ਤਿਉਹਾਰ ਦੁਬਾਰਾ ਸ਼ੁਰੂ ਹੋਏ ਹਨ। ਗੁਰਲਾਲ ਘਨੌਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਤੇ ਜਿਨ੍ਹਾਂ ਨੇ ਇਨ੍ਹਾਂ ਪਿੰਡਾਂ ‘ਚ ਵਿਕਾਸ ਕਾਰਜ ਸ਼ੁਰੂ ਕਰਵਾਏ ਹਨ।
ਇਸ ਮੌਕੇ ਵਿਧਾਇਕ ਦੇ ਸੁਪਤਨੀ ਸੁਮਿੰਦਰ ਕੌਰ ਤੇ ਪੱਬਰਾ ਦੇ ਸਰਪੰਚ ਸੁਮਨ ਲਤਾ ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਸਨਮਾਨ ਕੀਤਾ। ਸਮਾਰੋਹ ਮੌਕੇ ਨਵੀਆਂ ਜਨਮੀਆਂ ਬੱਚੀਆਂ ਤੇ ਮਾਪਿਆਂ ਨੂੰ ਸਨਮਾਨਤ ਕੀਤਾ ਗਿਆ। ਜਦਕਿ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਦਿਲਕਸ਼ ਪੇਸ਼ਕਾਰੀ ਕੀਤੀ।

ਇਸ ਦੌਰਾਨ ਏ.ਡੀ.ਸੀ. (ਜਨਰਲ) ਇਸ਼ਾ ਸਿੰਗਲ, ਐਸ.ਡੀ.ਐਮ. ਅਵਿਕੇਸ਼ ਗੁਪਤਾ, ਬੀ.ਡੀ.ਪੀ.ਓ. ਜਤਿੰਦਰ ਸਿੰਘ ਢਿੱਲੋਂ, ਲਾਡੀ ਪੱਬਰਾ, ਕੁਲਵੰਤ ਸੌਂਟੀ, ਗੁਰਤਾਜ ਸੰਧੂ, ਲਖਬੀਰ ਸਿੰਘ ਗੁਜਰ, ਇੰਦਰਜੀਤ ਸਿੰਘ ਸਿਆਲੂ, ਸਹਿਜਪਾਲ ਸਿੰਘ ਲਾਡਾ, ਪੰਚਾਇਤ ਸਕੱਤਰ ਇਕਬਾਲ ਸਿੰਘ, ਇਕਬਾਲ ਸਿੰਘ ਸੇਹਰਾ, ਸੰਨੀ ਪੱਬਰਾ, ਡੀ.ਐਸ.ਪੀ. ਹਰਮਨਪ੍ਰੀਤ ਸਿੰਘ ਚੀਮਾ, ਐਸ.ਐਚ.ਓ. ਸ਼ਿਵਰਾਜ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਇਲਾਕੇ ਦੇ ਵਸਨੀਕ ਮੌਜੂਦ ਸਨ।

Leave a Reply

Your email address will not be published. Required fields are marked *

View in English