ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 23
ਦਿੱਲੀ-NCR ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਸਵੇਰੇ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਜਿੱਥੇ ਦਿੱਲੀ-NCR ਵਿੱਚ ਸਵੇਰੇ ਤੇਜ਼ ਮੀਂਹ ਪਿਆ, ਉੱਥੇ ਹੀ ਸ਼ਿਮਲਾ-ਮਨਾਲੀ ਵਿੱਚ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਕਈ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਅੱਜ ਸਵੇਰੇ ਦਿੱਲੀ-NCR ਵਿੱਚ ਅਚਾਨਕ ਮੌਸਮ ਬਦਲ ਗਿਆ ਅਤੇ ਕਈ ਹਿੱਸਿਆਂ ਵਿੱਚ ਜ਼ੋਰਦਾਰ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਅੱਜ ਦਿਨ ਭਰ ਬੱਦਲ ਛਾਏ ਰਹਿਣਗੇ ਅਤੇ ਹਲਕਾ ਮੀਂਹ ਪੈ ਸਕਦਾ ਹੈ। ਦੁਪਹਿਰ ਜਾਂ ਸ਼ਾਮ ਨੂੰ ਮੀਂਹ ਦਾ ਇੱਕ ਹੋਰ ਦੌਰ ਆਉਣ ਦੀ ਸੰਭਾਵਨਾ ਹੈ। ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ। ਕਸ਼ਮੀਰ ਘਾਟੀ ਵਿੱਚ ਅੱਜ ਹੋਈ ਤਾਜ਼ਾ ਬਰਫ਼ਬਾਰੀ ਨੇ ਪੂਰੇ ਇਲਾਕੇ ਨੂੰ ਚਿੱਟੀ ਚਾਦਰ ਨਾਲ ਢਕ ਦਿੱਤਾ ਹੈ। ਇਸ ਦਾ ਅਸਰ ਹਵਾਈ ਅਤੇ ਸੜਕੀ ਆਵਾਜਾਈ ‘ਤੇ ਪੈ ਰਿਹਾ ਹੈ।
ਬਰਫ਼ਬਾਰੀ ਕਾਰਨ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ (NH-44) ਨੂੰ ਨਵਯੁਗ ਟਨਲ ਦੇ ਕੋਲ ਬੰਦ ਕਰ ਦਿੱਤਾ ਗਿਆ ਹੈ। ਮੁਗਲ ਰੋਡ ਅਤੇ ਸਿੰਥਨ ਰੋਡ ਵੀ ਬੰਦ ਹਨ। ਸ੍ਰੀਨਗਰ ਏਅਰਪੋਰਟ ‘ਤੇ ਬਰਫ਼ਬਾਰੀ ਕਾਰਨ ਫਲਾਈਟ ਆਪ੍ਰੇਸ਼ਨ ਰੋਕ ਦਿੱਤੇ ਗਏ ਹਨ। ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਪ੍ਰਸਿੱਧ ਸਕੀ ਰਿਜ਼ੌਰਟ ਗੁਲਮਰਗ ਵਿੱਚ ਵੀ ਭਾਰੀ ਬਰਫ਼ਬਾਰੀ ਹੋਈ ਹੈ। ਡੋਡਾ ਦੇ ਭਲੇਸਾ ਇਲਾਕੇ ਵਿੱਚ ਵੀ ਤਿੰਨ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਬਰਫ਼ਬਾਰੀ ਸ਼ੁਰੂ ਹੋਈ, ਜਿਸ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ।
ਸ਼ਿਮਲਾ ਅਤੇ ਮਨਾਲੀ ਵਿੱਚ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਕੁਫਰੀ, ਨਾਰਕੰਡਾ ਅਤੇ ਸੋਲੰਗ ਵੈਲੀ ਵਿੱਚ ਵੀ ਬਰਫ਼ਬਾਰੀ ਦੀ ਸੰਭਾਵਨਾ ਹੈ। ਮੰਡੀ, ਕਾਂਗੜਾ ਅਤੇ ਹਮੀਰਪੁਰ ਵਰਗੇ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗੜੇਮਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਬਦਰੀਨਾਥ ਅਤੇ ਹੇਮਕੁੰਟ ਸਾਹਿਬ ਦੀਆਂ ਉੱਚੀਆਂ ਚੋਟੀਆਂ ‘ਤੇ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਨੇ ਉੱਚੇ ਇਲਾਕਿਆਂ ਵਿੱਚ ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੀਰਵਾਰ ਦੇਰ ਸ਼ਾਮ ਤੋਂ ਹੀ ਮੀਂਹ ਪੈ ਰਿਹਾ ਹੈ। ਜਲੰਧਰ ਅਤੇ ਅੰਮ੍ਰਿਤਸਰ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ, ਜੋ ਅਜੇ ਵੀ ਜਾਰੀ ਹੈ। ਇਸ ਨਾਲ ਠੰਢ ਵਧ ਗਈ ਹੈ। ਹਰਿਆਣਾ ਵਿੱਚ ਵੀ ਗਰਜ-ਚਮਕ ਦੇ ਨਾਲ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ।
ਪੱਛਮੀ ਉੱਤਰ ਪ੍ਰਦੇਸ਼ ਦੇ ਨੋਇਡਾ, ਗਾਜ਼ੀਆਬਾਦ ਅਤੇ ਮੇਰਠ ਵਿੱਚ ਸਵੇਰੇ ਮੀਂਹ ਪਿਆ। ਇੱਥੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗੜੇ ਪੈਣ ਦੀ ਵੀ ਸ਼ੰਕਾ ਹੈ।
ਉੱਤਰੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਹਲਕੇ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।







