ਦਲਾਈ ਲਾਮਾ ਨੇ ਜਿੱਤਿਆ ਗਰੈਮੀ ਐਵਾਰਡ

ਫੈਕਟ ਸਮਾਚਾਰ ਸੇਵਾ

ਕੈਲੀਫੋਰਨੀਆ, ਫਰਵਰੀ 2

ਦੁਨੀਆ ਦੇ ਵੱਕਾਰੀ 68ਵੇਂ ਗਰੈਮੀ ਐਵਾਰਡ ਸਮਾਗਮ ਵਿੱਚ ਦਲਾਈ ਲਾਮਾ ਨੇ ਆਡੀਓ ਬੁੱਕ, ਕਥਾ-ਵਾਚਨ ਅਤੇ ਸਟੋਰੀਟੈਲਿੰਗ ਰਿਕਾਰਡਿੰਗ ਸ਼੍ਰੇਣੀ ਵਿੱਚ ਗਰੈਮੀ ਪੁਰਸਕਾਰ ਜਿੱਤਿਆ। ਇਹ ਦਲਾਈ ਲਾਮਾ ਦਾ ਪਹਿਲਾ ਗਰੈਮੀ ਪੁਰਸਕਾਰ ਹੈ।

ਉਨ੍ਹਾਂ ਨੇ ਇਸ ਸ਼੍ਰੇਣੀ ਵਿੱਚ ਅਮਰੀਕੀ ਸੁਪਰੀਮ ਕੋਰਟ ਦੀ ਜੱਜ ਕੇਤਨਜੀ ਬ੍ਰਾਊਨ ਜੈਕਸਨ ਨੂੰ ਪਿੱਛੇ ਛੱਡਿਆ। ਕੇ-ਪੌਪ ਡੇਮੋਨ ਹੰਟਰਜ਼ ਫਿਲਮ ਦੇ ਗੀਤ ‘ਗੋਲਡਨ’ ਨੇ ਵਿਜ਼ੂਅਲ ਮੀਡੀਆ ਲਈ ਲਿਖੇ ਗਏ ਸਰਵੋਤਮ ਗੀਤ ਦਾ ਪੁਰਸਕਾਰ ਜਿੱਤਿਆ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੇ-ਪੌਪ ਅਦਾਕਾਰ ਜਾਂ ਸਮੂਹ ਨੇ ਗਰੈਮੀ ਜਿੱਤਿਆ ਹੈ। ਇਸ ਮੌਕੇ ਗੀਤਕਾਰਾਂ ਨੇ ਪੁਰਸਕਾਰ ਲੈਂਦੇ ਵੇਲੇ ਅੰਗਰੇਜ਼ੀ ਅਤੇ ਕੋਰਿਆਈ ਦੋਵਾਂ ਭਾਸ਼ਾਵਾਂ ਵਿੱਚ ਆਪਣਾ ਭਾਸ਼ਣ ਦਿੱਤਾ।

ਸੰਗੀਤ ਫਿਲਮ ਦਾ ਪੁਰਸਕਾਰ ‘ਮਿਊਜ਼ਿਕ ਫਾਰ ਜੌਹਨ ਵਿਲੀਅਮਜ਼’ ਨੂੰ ਮਿਲਿਆ ਅਤੇ ਇਸ ਦੇ ਨਾਲ ਹੀ ਨਿਰਦੇਸ਼ਕ ਸਟੀਵਨ ਸਪੀਲਬਰਗ ਨੇ ਆਪਣਾ ਪਹਿਲਾ ਗਰੈਮੀ ਜਿੱਤਿਆ। ਹੁਣ ਉਹ ਅਧਿਕਾਰਤ ਤੌਰ ’ਤੇ EGOT (ਐਮੀ, ਗਰੈਮੀ, ਟੋਨੀ ਅਤੇ ਆਸਕਰ ਜਿੱਤਣ ਵਾਲੇ ਅਦਾਕਾਰ) ਬਣ ਗਏ ਹਨ।

ਮੁੱਖ ਸਮਾਰੋਹ ਤੋਂ ਪਹਿਲਾਂ ਸ਼ੁਰੂਆਤੀ ਪ੍ਰੋਗਰਾਮ ਲਾਸ ਏਂਜਲਸ ਸ਼ਹਿਰ ਦੇ ਪੀਕੌਕ ਥੀਏਟਰ ਵਿੱਚ ਕਰਵਾਇਆ ਗਿਆ। ਇਸ ਮੌਕੇ 86 ਗਰੈਮੀ ਪੁਰਸਕਾਰ ਦਿੱਤੇ ਜਾਣੇ ਹਨ। ਇਸ ਦੌਰਾਨ ਕਈ ਅਦਾਕਾਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਖਿਲਾਫ ਆਵਾਜ਼ ਉਠਾਈ। ਅਮਰੀਕੀ ਗਾਇਕ ਸ਼ਾਬੂਜੀ ਨੇ ਭਾਵੁਕ ਹੋ ਕੇ ਕਿਹਾ ਕਿ ਪਰਵਾਸੀਆਂ ਨੇ ਹੀ ਇਸ ਦੇਸ਼ ਨੂੰ ਬਣਾਇਆ ਹੈ। ਅਮਰੀਕੀ ਗਾਇਕਾ ਗਲੋਰੀਆ ਐਸਟੇਫਨ ਨੇ ਵੀ ਮੌਜੂਦਾ ਸਿਆਸੀ ਹਾਲਾਤ ’ਤੇ ਚਿੰਤਾ ਪ੍ਰਗਟਾਈ।

ਦੱਸਣਾ ਬਣਦਾ ਹੈ ਕਿ ਮੁੱਖ ਸਮਾਗਮ ਦੀ ਮੇਜ਼ਬਾਨੀ ਉੱਘੇ ਕਾਮੇਡੀਅਨ ਟਰੈਵਰ ਨੋਆ ਕਰਨਗੇ। 2026 ਦੀਆਂ ਗਰੈਮੀ ਨਾਮਜ਼ਦਗੀਆਂ ਵਿੱਚ ਕੈਂਡਰਿਕ ਲੈਮਰ 9 ਨਾਮਜ਼ਦਗੀਆਂ ਨਾਲ ਸਭ ਤੋਂ ਅੱਗੇ ਹਨ, ਜਦਕਿ ਲੇਡੀ ਗਾਗਾ ਅਤੇ ਜੈਕ ਐਂਟੋਨੌਫ ਵਰਗੇ ਵੱਡੇ ਨਾਮ ਵੀ ਇਸ ਦੌੜ ਵਿੱਚ ਸ਼ਾਮਲ ਹਨ।

Leave a Reply

Your email address will not be published. Required fields are marked *

View in English