View in English:
January 10, 2025 1:44 pm

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਕੰਪਨੀਆਂ ਦੇ ਸੀ.ਈ.ਓਜ਼ ਤੇ ਪ੍ਰਤੀਨਿਧਾਂ ਨਾਲ ਅਹਿਮ ਮੀਟਿੰਗ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਜਨਵਰੀ 9

ਪੰਜਾਬ ਅੰਦਰ ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਸੂਬੇ ਨੂੰ ਉਦਯੋਗਿਕ ਹੱਬ ਵਜੋਂ ਵਿਕਸਿਤ ਕਰਨ ਦੇ ਮਕਸਦ ਨਾਲ ਪੰਜਾਬ ਦੇ ਪੂੰਜੀ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਵਪਾਰ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਨਵੀਂ ਦਿੱਲੀ ਵਿਖੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਵੱਖ-ਵੱਖ ਕੰਪਨੀਆਂ ਦੇ ਸੀ.ਈ.ਓਜ਼ ਅਤੇ ਪ੍ਰਤੀਨਿਧਾਂ ਨਾਲ ਅਹਿਮ ਮੀਟਿੰਗ ਕੀਤੀ ਗਈ।

ਸੂਚਨਾ ਤਕਨੀਕ, ਮਸ਼ੀਨੀ ਬੁੱਧੀਮਾਨਤਾ (ਏ.ਆਈ), ਬੁਨਿਆਦੀ ਢਾਂਚਾ, ਬਾਗਬਾਨੀ, ਹੈਲਥ ਅਤੇ ਹੋਰ ਅਹਿਮ ਖੇਤਰਾਂ ਵਿਚ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਨਾਮਵਰ ਕੰਪਨੀਆਂ ਦੇ ਸੀ.ਈ.ਓਜ਼ ਅਤੇ ਪ੍ਰਤੀਨਿਧਾਂ ਵੱਲੋਂ ਪੰਜਾਬ ਸਰਕਾਰ ਦੇ ਨਿਵੇਸ਼ ਪ੍ਰੋਤਸਾਹਨ ਲਈ ਉਠਾਏ ਜਾ ਰਹੇ ਕਦਮਾਂ ਪ੍ਰਤੀ ਉਸਾਰੂ ਹੁੰਗਾਰਾ ਭਰਦਿਆਂ ਸੂਬੇ ਵਿਚ ਆਪੋ-ਆਪਣੇ ਨਿਵੇਸ਼ ਪ੍ਰਸਤਾਵ ਪੰਜਾਬ ਸਰਕਾਰ ਨੂੰ ਜਲਦ ਸੌਂਪਣ ਦਾ ਭਰੋਸਾ ਦਿੱਤਾ ਗਿਆ ਹੈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸੂਚਨਾ ਤਕਨਾਲੌਜੀ ਨੀਤੀ ਤਿਆਰ ਹੋ ਚੁੱਕੀ ਹੈ ਜਿਸਨੂੰ ਆਉਂਦੀ 31 ਮਾਰਚ ਤੋਂ ਪਹਿਲਾਂ-ਪਹਿਲਾਂ ਕੈਬਨਿਟ ਵੱਲੋਂ ਮੰਨਜੂਰੀ ਮਿਲ ਜਾਵੇਗੀ। ਉਨਾਂ ਕਿਹਾ ਕਿ ਇਹ ਨੀਤੀ ਬਹੁਤ ਅਧਿਐਨ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ ਜਿਸ ਨਾਲ ਸੂਬੇ ਦੇ ਆਈ.ਟੀ.ਖੇਤਰ ਵਿਚ ਵੱਡੇ ਪੈਮਾਨੇ ’ਤੇ ਉਸਾਰੂ ਤਬਦੀਲੀ ਆਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੇੜ ਭਵਿੱਖ ਵਿਚ ਹੁਨਰ ਵਿਕਾਸ ਨੂੰ ਸਮੇਂ ਦੀ ਲੋੜ ਅਨੁਸਾਰ ਵਿਕਸਿਤ ਕਰਨ ਵੱਲ ਪੂਰੀ ਤਵੱਜੋ ਦਿੱਤੀ ਜਾ ਰਹੀ ਹੈ। ਉਨਾਂ ਨਿਵੇਸ਼ਕਾਂ ਨੂੰ ਦੱਸਿਆ ਕਿ ਇੰਨਵੈਸਟ ਪੰਜਾਬ ਪੋਰਟਲ ਨੂੰ ਪੂਰੇ ਭਾਰਤ ਅੰਦਰ ਉੱਤਮ ਪੋਰਟਲ ਐਲਾਨਿਆਂ ਗਿਆ ਹੈ ਜਿਸ ’ਤੇ ਇਕ ਸਾਲ ਵਿਚ 55 ਹਜ਼ਾਰ ਲਘੂ, ਛੋਟੀਆਂ ਤੇ ਦਰਮਿਆਨੀਆਂ ਉਦਯੋਗਿਕ ਇਕਾਈਆਂ ਦੀ ਰਜਿਸਟ੍ਰੇਸ਼ਨ ਹੋਈ ਹੈ।

ਉਦਯੋਗ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਸਿੰਗਲ ਵਿੰਡੋ ਪ੍ਰਣਾਲੀ ਲਾਗੂ ਕਰਕੇ ਤਰੱਕੀ ਦੇ ਨਵੇਂ ਰਾਹ ਖੋਲ੍ਹੇ ਗਏ ਹਨ। ਉਨਾਂ ਨਿਵੇਸ਼ਕਾਂ ਤੇ ਕੰਪਨੀਆਂ ਦੇ ਪ੍ਰਤੀਨਿਧਾਂ ਨੂੰ ਪੰਜਾਬ ਆਉਣ ਲਈ ਨਿੱਘਾ ਸੱਦਾ ਦਿੱਤਾ।

ਇਸ ਮੌਕੇ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਇੰਨਵੈਸਟ ਪੰਜਾਬ ਦੇ ਸੈਕਟਰ ਅਫ਼ਸਰ ਸੰਜੀਵ ਗੁਪਤਾ ਅਤੇ ਇੰਨਵੈਸਟ ਪੰਜਾਬ ਦੇ ਸਲਾਹਕਾਰ ਦਾਨਿਸ਼ ਬਿਲਾਲਾ ਵੱਲੋਂ ਪੰਜਾਬ ਸਰਕਾਰ ਦੁਆਰਾ ਉਦਯੋਗ ਤੇ ਨਿਵੇਸ਼ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਵਿਚ ਐਸ.ਐਫ.ਓ ਫਾਊਂਡੇਸ਼ਨ ਦੇ ਚੇਅਰਮੈਨ ਜਗਮੋਹਨ ਸਿੰਘ ਸੇਖੋਂ, ਵਾਈਸ ਪ੍ਰੈਜੀਡੈਂਟ ਬੂਟੇਸ ਇੰਪੈਕਸ ਟੈਕ ਲਿਮ. ਬਿਨੂ ਨਾਇਰ, ਐਮ.ਡੀ ਸਕਾਇਬੂਨ ਜਤਿਨ ਸਿੰਧੀ, ਨੈਕਸਵੇਦਾ ਦੇ ਸੰਸਥਾਪਕ ਸੰਦੀਪ ਨਾਰੰਗ, ਆਈ.ਐਸ.ਐਫ.ਏ ਦੇ ਐਕਜੀਕਿਊਟਿਵ ਡਾਇਰੈਕਟਰ ਅਕਸ਼ਤ ਅਗਰਵਾਲ, ਜੈਨਐਕਸ ਏ.ਆਈ ਦੇ ਡਾਇਰੈਕਟਰ ਅੰਜਿਕਯਾ ਦੁੰਭਰੇ, ਸੀ.ਈ.ਓ ਜੀ.ਆਈ.ਆਰ ਲਾਜਿਸਟਿਕਸ ਸੁਰਾਜੀਤ ਸਰਕਾਰ ਤੋਂ ਇਲਾਵਾ ਹੋਰ ਅਹਿਮ ਨਿਵੇਸ਼ਕ ਹਾਜ਼ਰ ਸਨ।

Leave a Reply

Your email address will not be published. Required fields are marked *

View in English