View in English:
April 19, 2025 5:51 am

ਤਰੁਣਪ੍ਰੀਤ ਸਿੰਘ ਸੋਦ ਨੇ ਖੇਡ ਮੈਦਾਨਾਂ ਦਾ ਕੀਤਾ ਨਿਰੀਖਣ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪ੍ਰੈਲ 9

ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ‘ਆਪ’ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਪਿੰਡ ਚੜੀਆਂ (ਚਮਕੌਰ ਸਾਹਿਬ) ਅਤੇ ਬਹਿਰਾਮਪੁਰ ਜ਼ਿਮੀਦਾਰਾ ਦੇ ਖੇਡ ਮੈਦਾਨਾਂ ਦਾ ਦੌਰਾ ਕੀਤਾ। ਇਹ ਖੇਡ ਮੈਦਾਨ ਹਰ ਪਿੰਡ ਵਿੱਚ ਖੇਡ ਸਹੂਲਤਾਂ ਵਿਕਸਤ ਕਰਨ ਦੀ ਸੂਬਾ ਸਰਕਾਰ ਦੀ ਯੋਜਨਾ ਤਹਿਤ ਬਣਾਏ ਗਏ ਹਨ।

ਮਨੀਸ਼ ਸਿਸੋਦੀਆ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਨਾਲ ਸਨ, ਜੋ ਖੇਡ ਮੈਦਾਨਾਂ ਦਾ ਨਿਰੀਖਣ ਕਰ ਰਹੇ ਸਨ। ਸਿਸੋਦੀਆ ਨੇ ਪੇਂਡੂ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਪਹਿਲਕਦਮੀ ਬਾਰੇ ਬੋਲਦਿਆਂ ਸਿਸੋਦੀਆ ਨੇ ਕਿਹਾ, “ਪੰਜਾਬ ਸਰਕਾਰ ਨੇ ਸੂਬੇ ਭਰ ਦੇ ਹਰ ਪਿੰਡ ਵਿੱਚ ਇੱਕ ਖੇਡ ਮੈਦਾਨ ਬਣਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਪਿੰਡ ਬੱਚਿਆਂ ਦੇ ਖੇਡਣ ਅਤੇ ਵਧਣ-ਫੁੱਲਣ ਲਈ ਜਗ੍ਹਾ ਤੋਂ ਬਿਨਾਂ ਨਾ ਰਹੇ। ਇਹ ਖੇਡ ਮੈਦਾਨ ਟਰੈਕ, ਰੌਸ਼ਨੀ ਦਾ ਖ਼ਾਸ ਪ੍ਰਬੰਧ ਅਤੇ ਖ਼ਾਸ ਖੇਡਾਂ ਵਰਗੀਆਂ ਬੁਨਿਆਦੀ ਸਹੂਲਤਾਂ ਨਾਲ ਲੈਸ ਹੋਣਗੇ। ਅਜਿਹੇ ਯਤਨ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ, ਸਿੱਖਿਆ ਅਤੇ ਨੌਕਰੀਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕਰਨ ਲਈ ਬਹੁਤ ਜ਼ਰੂਰੀ ਹਨ। ਇਹ ਪਹਿਲਕਦਮੀ ਸਿਰਫ਼ ਭਵਿੱਖ ਦੇ ਖਿਡਾਰੀ ਬਣਾਉਣ ਵੱਲ ਇੱਕ ਕਦਮ ਨਹੀਂ ਹੈ, ਸਗੋਂ ਪੰਜਾਬ ਦੀ ਤਰੱਕੀ ਦਾ ਵੀ ਸੂਚਕ ਹੈ।”

ਉਨ੍ਹਾਂ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਵਿਹਾਰਕ ਪਹੁੰਚ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਸੌਂਧ ਸਾਹਿਬ ਇਨ੍ਹਾਂ ਖੇਡ ਮੈਦਾਨਾਂ ਦਾ ਨਿੱਜੀ ਤੌਰ ‘ਤੇ ਨਿਰੀਖਣ ਕਰ ਰਹੇ ਹਨ ਅਤੇ ਮੈਂ ਇਨ੍ਹਾਂ ਨਾਲ ਕੀਤੇ ਜਾ ਰਹੇ ਸ਼ਾਨਦਾਰ ਕੰਮ ਨੂੰ ਦੇਖ ਕੇ ਹੈਰਾਨ ਰਹਿ ਗਿਆ। ਇਨ੍ਹਾਂ ਖੇਡ ਮੈਦਾਨਾਂ ਨਾਲ, ਬੱਚਿਆਂ ਨੂੰ ਖੇਡ ਸਹੂਲਤਾਂ ਤੱਕ ਪਹੁੰਚ ਕਰਨ ਲਈ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ; ਹਰ ਪਿੰਡ ਦਾ ਆਪਣਾ ਅਧਾਰ ਹੋਵੇਗਾ ਜਿੱਥੇ ਨੌਜਵਾਨ ਦੀ ਪ੍ਰਤਿਭਾ ਵਧ-ਫੁੱਲ ਸਕਦੀ ਹੈ।”

ਉਨ੍ਹਾਂ ਨੇ ਉਜਾਗਰ ਕੀਤਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਕਰੋੜਾਂ ਰੁਪਏ ਦੇ ਨਿਵੇਸ਼ ਨਾਲ 4,000 ਤੋਂ ਵੱਧ ਖੇਡ ਮੈਦਾਨ ਬਣਾਏ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਹਾਲ ਹੀ ਦੇ ਬਜਟ ਵਿੱਚ 9,000 ਨਵੇਂ ਖੇਡ ਮੈਦਾਨਾਂ ਦੇ ਨਿਰਮਾਣ ਲਈ ਖ਼ਾਸ ਪ੍ਰਬੰਧ ਸ਼ਾਮਲ ਹਨ ਤਾਂ ਜੋ ਪੰਜਾਬ ਦੇ ਹਰ ਪਿੰਡ ਦੀ ਆਪਣੀ ਖੇਡ ਸਹੂਲਤ ਯਕੀਨੀ ਬਣਾਉਣ ਦੇ ਵਿਜ਼ਨ ਨੂੰ ਪੂਰਾ ਕੀਤਾ ਜਾ ਸਕੇ।

ਆਪਣੇ ਨਿਰੀਖਣ ਦੌਰਾਨ ਮੰਤਰੀ ਸੌਂਧ ਨੇ ਅਧਿਕਾਰੀਆਂ ਨੂੰ ਮੌਜੂਦਾ ਖੇਡ ਮੈਦਾਨਾਂ ਦੀ ਗੁਣਵੱਤਾ ਵਧਾਉਣ ਅਤੇ ਉਨ੍ਹਾਂ ਪਿੰਡਾਂ ਵਿੱਚ ਨਿਰਮਾਣ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ, ਜਿਨ੍ਹਾਂ ਨੂੰ ਅਜੇ ਤੱਕ ਅਜਿਹੀਆਂ ਸਹੂਲਤਾਂ ਨਹੀਂ ਮਿਲੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਯਤਨ ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ ਉਤਪਾਦਕ ਗਤੀਵਿਧੀਆਂ ਵਿੱਚ ਸ਼ਾਮਲ ਕਰਨ, ਨਸ਼ਿਆਂ ਦੀ ਦੁਰਵਰਤੋਂ ਨੂੰ ਘਟਾਉਣ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਇੱਕ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਦੇ ਮਿਸ਼ਨ ਨਾਲ ਮੇਲ ਖਾਂਦੇ ਹਨ, ਜੋ ਪੰਜਾਬ ਅਤੇ ਭਾਰਤ ਲਈ ਮਾਣ (ਮੈਡਲ) ਲਿਆਉਣਗੇ।

ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਦੇ ਰੋਜ਼ਾਨਾ ਜੀਵਨ ਵਿੱਚ ਖੇਡਾਂ ਨੂੰ ਸ਼ਾਮਲ ਕਰਕੇ ਪੇਂਡੂ ਵਿਕਾਸ ਵਿੱਚ ਕ੍ਰਾਂਤੀ ਲਿਆਉਣਾ ਹੈ। ਪਿੰਡਾਂ ਦੇ ਅੰਦਰ ਚੰਗੀ ਤਰ੍ਹਾਂ ਲੈਸ ਖੇਡ ਮੈਦਾਨਾਂ ਦੀ ਪੇਸ਼ਕਸ਼ ਕਰਕੇ, ਇਹ ਪ੍ਰੋਗਰਾਮ ਨਾ ਸਿਰਫ਼ ਮਨੋਰੰਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਬਲਕਿ ਹੁਨਰ-ਨਿਰਮਾਣ ਅਤੇ ਸਰੀਰਕ ਤੰਦਰੁਸਤੀ ਲਈ ਅਨੁਕੂਲ ਵਾਤਾਵਰਣ ਵੀ ਬਣਾਉਂਦਾ ਹੈ।

Leave a Reply

Your email address will not be published. Required fields are marked *

View in English