ਫੈਕਟ ਸਮਾਚਾਰ ਸੇਵਾ
ਤਰਨਤਾਰਨ , ਮਾਰਚ 1
ਤਰਨਤਾਰਨ ਦੇ ਨਾਲ ਲੱਗਦੇ ਪਿੰਡ ਪੰਡੋਰੀ ਗੋਲਾ ’ਚ ਤੜਕਸਾਰ ਇਕ ਘਰ ਦੀ ਛੱਤ ਡਿੱਗਣ ਕਾਰਨ ਪਤੀ, ਪਤਨੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਨਜ਼ਦੀਕੀ ਪਿੰਡ ਪੰਡੋਰੀ ਗੋਲਾ ਵਿਖੇ ਸ਼ਨਿੱਚਰਵਾਰ ਸਵੇਰੇ ਕਰੀਬ ਸਾਢੇ 4 ਵਜੇ ਇਕ ਘਰ ਦੀ ਛੱਤ ਡਿੱਗ ਪਈ। ਜਿਸਦੇ ਚੱਲਦਿਆਂ ਹੇਠਾਂ ਸੌਂ ਰਹੇ ਗੁਰਵਿੰਦਰ ਸਿੰਘ, ਉਸਦੀ ਪਤਨੀ ਅਮਰਜੀਤ ਕੌਰ ਤੋਂ ਇਲਾਵਾ ਦੋ ਲੜਕੇ ਤੇ ਇਕ ਲੜਕੀ ਮਲਬੇ ਵਿਚ ਦੱਬੇ ਗਏ।
ਛੱਤ ਡਿੱਗਣ ਦੀ ਘਟਨਾ ਦਾ ਪਤਾ ਚੱਲਦਿਆਂ ਹੀ ਪਿੰਡ ਦੇ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਮਲਬੇ ਵਿਚ ਦੱਬੇ ਲੋਕਾਂ ਨੂੰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਪਰ ਥਾਣਾ ਸਦਰ ਤਰਨਤਾਰਨ ਦੇ ਮੁਖੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਘਟਨਾ ਸਥਾਨ ’ਤੇ ਪੁੱਜ ਗਈ।
ਐੱਸਐੱਚਓ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਤੇ ਅਮਰਜੀਤ ਕੌਰ ਦੀ ਉਮਰ ਕੋਈ 45 ਸਾਲ ਦੇ ਕਰੀਬ ਹੈ ਅਤੇ ਛੱਤ ਹੇਠਾਂ ਦੱਬੇ ਜਾਣ ਕਾਰਨ ਮਾਰੇ ਗਏ ਇਨ੍ਹਾਂ ਦੇ ਤਿੰਨ ਬੱਚੇ 17 ਤੋਂ 22 ਸਾਲ ਦੀ ਉਮਰ ਦੇ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਪਰਿਵਾਰ ਨੇ ਕੋਈ ਬਿਆਨ ਨਹੀਂ ਦਿੱਤੇ ਹਨ। ਜੇਕਰ ਪਰਿਵਾਰ ਬਿਆਨ ਦਿੰਦਾ ਹੈ ਤਾਂ ਉਸ ਮੁਤਾਬਿਕ ਅਗਲੀ ਕਾਰਵਾਈ ਕਰ ਦਿੱਤੀ ਜਾਵੇਗੀ।