ਫੈਕਟ ਸਮਾਚਾਰ ਸੇਵਾ
ਪਟਿਆਲਾ, ਫਰਵਰੀ 5
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਹੈਰੀਟੇਜ ਮੇਲੇ ਦੌਰਾਨ 13 ਫਰਵਰੀ ਨੂੰ ਬਾਰਾਂਦਰੀ ਬਾਗ ਵਿਖੇ ਲੱਗਣ ਵਾਲੇ ਫਲਾਵਰ ਅਤੇ ਫੂਡ ਫੈਸਟੀਵਲ ਅਤੇ ‘ਈਟ ਰਾਈਟ ਮਿਲੇਟ ਮੇਲੇ ਤੇ ਵਾਕਾਥੋਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਹੈਰੀਟੇਜ ਮੇਲੇ ਦੀ ਸ਼ੁਰੂਆਤ ਬਾਰਾਂਦਰੀ ਬਾਗ ਤੋਂ ਹੋਵੇਗੀ ਅਤੇ ਇਸ ਦਿਨ ਇੱਥੇ ਇਸ ਹੈਰੀਟੇਜ ਫੂਡ ਫੈਸਟੀਵਲ ਵਿੱਚ ਪਟਿਆਲਾ ਦੇ ਸਟਰੀਟ ਫੂਡ ਤੇ ਲਜ਼ੀਜ਼ ਪਕਵਾਨਾਂ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ ਤੇ ਫੂਡ ਸੇਫਟੀ ਐਂਡ ਡਰੱਗ ਐਡਮਨਿਸਟਰੇਸ਼ਨ, ਪੰਜਾਬ (ਐਫ.ਡੀ.ਏ) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ‘ਈਟ ਰਾਈਟ ਮਿਲੇਟ ਮੇਲੇ ਤੇ ਵਾਕਾਥੋਨ’ ਵੀ ਕਰਵਾਈ ਜਾਵੇਗੀ। ਇਸ ਦੌਰਾਨ ਪਟਿਆਲਵੀਆਂ ਨੂੰ ਸ਼ੁੱਧ ਤੇ ਪੌਸ਼ਟਿਕ ਖਾਣ-ਪੀਣ ਲਈ ਉਤਸ਼ਾਹਤ ਕਰਨ ਲਈ ਮਿਲੇਟਸ ਤੇ ਮੂਲ ਅਨਾਜ ‘ਤੇ ਅਧਾਰਤ ਵੱਖ-ਵੱਖ ਉਤਪਾਦਾਂ ਸਮੇਤ ਹੋਰ ਭੋਜਨ ਪਦਾਰਥਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।
ਇਸੇ ਦੌਰਾਨ ਡਾ. ਪ੍ਰੀਤੀ ਯਾਦਵ ਨੇ ਬਾਰਾਂਦਰੀ ਬਾਗ ਦਾ ਨਿਰੀਖਣ ਵੀ ਕੀਤਾ ਅਤੇ ਬਾਗਬਾਨੀ ਵਿਭਾਗ ਨੂੰ ਇਸ ਪੁਰਾਤਨ ਤੇ ਵਿਰਾਸਤੀ ਬਾਰਾਂਦਰੀ ਬਾਗ ਦੀ ਸੁੰਦਰਤਾ ਵਧਾਉਣ ਤੇ ਇਸਦੇ ਸੁਧਾਰ ਲਈ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ। ਉਨ੍ਹਾਂ ਨੇ ਇੱਥੇ ਬੱਚਿਆਂ ਲਈ ਲੱਗੇ ਝੂਲਿਆਂ ਦੀ ਸੁਰੱਖਿਆ ਤੇ ਓਪਨ ਜਿੰਮ ਦਾ ਮੁਲੰਕਣ ਕਰਨ, ਫੁਹਾਰੇ ਚਲਾਉਣ, ਸਾਫ਼-ਸਫ਼ਾਈ ਸਮੇਤ ਬਾਗ ਦੇ ਰੱਖ-ਰਖਾਓ ‘ਚ ਸੁਧਾਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸੁੱਕ ਚੁੱਕੇ ਪੁਰਾਣੇ ਬੂਟਿਆਂ ਨੂੰ ਤਬਦੀਲ ਕਰਕੇ ਉਸੇ ਕਿਸਮ ਦੇ ਨਵੇਂ ਬੂਟੇ ਲਗਾਏ ਜਾਣ ਤੋਂ ਇਲਾਵਾ ਬਾਰਾਦਰੀ ਬਾਗ ‘ਚ ਗ਼ੈਰ ਸਮਾਜੀ ਅਨਸਰਾਂ ਦੇ ਦਾਖਲੇ ਨੂੰ ਰੋਕਣ ਲਈ ਸੁਰੱਖਿਆ ਗਾਰਡ ਵੀ ਤੈਨਾਤ ਕੀਤੇ ਜਾਣ।
ਇਸ ਮਗਰੋਂ ਫੂਡ ਮੇਲੇ ਦੇ ਨੋਡਲ ਅਫ਼ਸਰ ਤੇ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਹੈਰੀਟੇਜ ਮੇਲੇ ਦੌਰਾਨ ਅਹਿਮ ਪ੍ਰੋਗਰਾਮ ਬਾਇਉਡਰਵਸਿਟੀ ਹੈਰੀਟੇਜ ਸਾਈਟ ਬਾਰਾਂਦਰੀ ਵਿਖੇ ਕਰਵਾਏ ਜਾ ਰਹੇ ਹਨ, ਇਸ ਲਈ ਸਮੂਹ ਪੰਜਾਬੀ ਤੇ ਖਾਸ ਕਰਕੇ ਪਟਿਆਲਵੀ ਪਟਿਆਲਾ ਹੈਰੀਟੇਜ ਮੇਲੇ ਦਾ ਆਨੰਦ ਮਾਣਨ ਲਈ ਇੱਥੇ ਪੁੱਜਣ ਅਤੇ ਇੱਥੇ ਦਾਖਲਾ ਫ੍ਰੀ ਹੋਵੇਗਾ। ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਹਰਿੰਦਰਪਾਲ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸਨ।