View in English:
February 4, 2025 1:26 am

ਡਿਪਟੀ ਕਮਿਸ਼ਨਰ ਵੱਲੋਂ ਕਿਦਵਈ ਨਗਰ ਅਤੇ ਢੋਲੇਵਾਲ ਸਕੂਲ ਆਫ਼ ਐਮੀਨੈਂਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ

ਫੈਕਟ ਸਮਾਚਾਰ ਸੇਵਾ

ਲੁਧਿਆਣਾ, ਫਰਵਰੀ 3

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਆਗਾਮੀ ਕਿਦਵਈ ਨਗਰ ਅਤੇ ਢੋਲੇਵਾਲ ਵਾਲੇ ਸਕੂਲ ਆਫ਼ ਐਮੀਨੈਂਸ (ਐਸ.ਓ.ਈ.) ਦੇ ਉਸਾਰੀ ਕਾਰਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।

ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਜਿਨ੍ਹਾਂ ਵਿੱਚ ਸਿੱਖਿਆ, ਨਗਰ ਸੁਧਾਰ ਟਰੱਸਟ ਅਤੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਸ਼ਾਮਲ ਸਨ, ਦੇ ਨਾਲ ਮੀਟਿੰਗ ਦੌਰਾਨ, ਡਿਪਟੀ ਕਮਿਸ਼ਨਰ ਜ਼ੋਰਵਾਲ ਨੇ ਕਿਹਾ ਕਿ ਕਿਦਵਈ ਨਗਰ ਐਸ.ਓ.ਈ. ਲਈ ਮੁਕੰਮਲ ਹੋਣ ਦੀ ਆਖਰੀ ਮਿਤੀ 31 ਮਾਰਚ, 2025 ਨਿਰਧਾਰਤ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਜੋਰਵਾਲ ਨੇ ਦੱਸਿਆ ਕਿ ਰੈਂਪ, ਸੁਰੱਖਿਆ ਗਾਰਡ ਰੂਮ ਅਤੇ ਬਿਜਲੀ ਫਿਟਿੰਗ ‘ਤੇ ਕੰਮ ਪਹਿਲਾਂ ਹੀ ਜਾਰੀ ਹੈ। ਇਸ ਤੋਂ ਇਲਾਵਾ, ਵਿਭਾਗ ਨੇ ਕੰਮ ਦੇ ਦਾਇਰੇ ਵਿੱਚ ਤਬਦੀਲੀਆਂ ਲਈ ਪ੍ਰਸ਼ਾਸਕੀ ਪ੍ਰਵਾਨਗੀ ਲਈ ਵੀ ਪ੍ਰਸਤਾਵ ਰੱਖਿਆ ਹੈ ਅਤੇ ਉਸ ਅਨੁਸਾਰ ਲੋੜੀਂਦੇ ਫੰਡ ਅਲਾਟ ਕੀਤੇ ਜਾਣਗੇ। ਉਨ੍ਹਾਂ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੱਲ ਰਹੇ ਕਾਰਜ਼ਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਨਿਰਧਾਰਿਤ ਸਮੇਂ ਅੰਦਰ ਇਸ ਪ੍ਰੋਜੈਕਟ ਨੂੰ ਮੁਕੰਮਲ ਕੀਤਾ ਜਾ ਸਕੇ।

ਇਸ ਤੋਂ ਇਲਾਵਾ, ਜੋਰਵਾਲ ਵੱਲੋਂ ਢੋਲੇਵਾਲ ਸਕੂਲ ਆਫ਼ ਐਮੀਨੈਂਸ ਵਿਖੇ ਚੱਲ ਰਹੇ ਕੰਮਾਂ ਬਾਰੇ ਫੀਡਬੈਕ ਲਈ, ਜੋ ਕਿ ਲੋਕ ਨਿਰਮਾਣ ਵਿਭਾਗ ਦੁਆਰਾ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਸਕੂਲ ਆਫ਼ ਐਮੀਨੈਂਸ ਵਿੱਚ ਸਮਾਰਟ ਕਲਾਸਰੂਮ, ਆਧੁਨਿਕ ਬੁਨਿਆਦੀ ਢਾਂਚਾ, ਪ੍ਰਯੋਗਸ਼ਾਲਾਵਾਂ, ਸੀ.ਸੀ.ਟੀ.ਵੀ. ਨਿਗਰਾਨੀ ਅਤੇ ਵੱਖ-ਵੱਖ ਖੇਡ ਗਤੀਵਿਧੀਆਂ ਲਈ ਲੈਸ ਖੇਡ ਦੇ ਮੈਦਾਨ ਹੋਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਕੂਲ ਆਫ਼ ਐਮੀਨੈਂਸ ਪ੍ਰੋਗਰਾਮ ਦਾ ਉਦੇਸ਼ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆਉਣਾ, ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਅਤੇ ਉੱਜਵਲ ਭਵਿੱਖ ਨੂੰ ਉਤਸ਼ਾਹਿਤ ਕਰਨਾ ਹੈ।

ਡਿਪਟੀ ਕਮਿਸ਼ਨਰ ਜੋਰਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਵਿੱਚ ਉੱਚ-ਗੁਣਵੱਤਾ ਵਾਲੀਆਂ ਸੇਵਾਵਾਂ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ‘ਤੇ ਸਾਰੇ ਲੰਬਿਤ ਕਾਰਜ਼ਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾਵੇ।

Leave a Reply

Your email address will not be published. Required fields are marked *

View in English