2012 ‘ਚ ਗੁਰਾਇਆ ਥਾਣੇ ‘ਚ ਮਾਮਲਾ ਦਰਜ ਹੋਇਆ ਸੀ
ਸਾਬਕਾ CM ਬੇਅੰਤ ਸਿੰਘ ਦੇ ਕਤਲ ਦਾ ਹੈ ਦੋਸ਼ੀ
ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਤਾਰਾ ਦੇ ਖਿਲਾਫ ਜਲੰਧਰ ਦੇਹਾਤ ਦੇ ਗੁਰਾਇਆ ਥਾਣੇ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਤਾਰਾ ਨੂੰ ਬਰੀ ਕਰ ਦਿੱਤਾ ਹੈ।
ਪਹਿਲਾਂ ਚਰਚਾ ਸੀ ਕਿ ਤਾਰਾ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਪਰ ਫਿਰ ਤਾਰਾ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਜਗਤਾਰ ਸਿੰਘ ਤਾਰਾ ਦੇ ਵਕੀਲ ਕੇ.ਐਸ.ਹੁੰਦਲ ਨੇ ਦੱਸਿਆ ਕਿ ਸਾਲ 2012 ਵਿੱਚ ਗੁਰਾਇਆ ਥਾਣੇ ਵਿੱਚ ਤਾਰਾ ਖ਼ਿਲਾਫ਼ ਕੇਸ ਦਰਜ ਹੋਇਆ ਸੀ। 20 ਨੂੰ ਅਦਾਲਤ ਵਿੱਚ ਬਹਿਸ ਹੋਈ। ਜਿਸ ਤੋਂ ਬਾਅਦ ਅਦਾਲਤ ਨੇ ਅੱਜ ਸੁਣਵਾਈ ਤੈਅ ਕੀਤੀ ਸੀ। ਅੱਜ ਤਾਰਾ ਨੂੰ ਅਦਾਲਤ ਵਿੱਚ ਬਰੀ ਕਰ ਦਿੱਤਾ ਗਿਆ। ਤਾਰਾ ਦੇ ਬਰੀ ਹੋਣ ‘ਤੇ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।