View in English:
October 23, 2024 8:52 pm

ਚੱਕਰਵਾਤੀ ਤੂਫਾਨ ਦਾਨਾ ਨੂੰ ਲੈ ਕੇ ਸਰਕਾਰ ਹਾਈ ਅਲਰਟ ‘ਤੇ

ਫੈਕਟ ਸਮਾਚਾਰ ਸੇਵਾ

ਪੁਰੀ , ਅਕਤੂਬਰ 23

ਚੱਕਰਵਾਤੀ ਤੂਫਾਨ ਦਾਨਾ ਨੂੰ ਲੈ ਕੇ ਉੜੀਸਾ ਅਤੇ ਬੰਗਾਲ ਦੀਆਂ ਸਰਕਾਰਾਂ ਹਾਈ ਅਲਰਟ ‘ਤੇ ਹਨ। ਕੇਂਦਰ ਸਰਕਾਰ ਵੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਚੱਕਰਵਾਤੀ ਤੂਫ਼ਾਨ ਦਾਨਾ ਦੇ 25 ਅਕਤੂਬਰ ਨੂੰ ਓਡੀਸ਼ਾ ਅਤੇ ਬੰਗਾਲ ਦੇ ਸਾਗਰ ਜ਼ਿਲ੍ਹਿਆਂ ਦੇ ਪੁਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਤੂਫਾਨ ਦੇ ਪ੍ਰਭਾਵ ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ ਬੰਗਾਲ ਦੀ ਖਾੜੀ ‘ਚ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਚੱਕਰਵਾਤੀ ਤੂਫ਼ਾਨ ਦਾਨਾ ‘ਚ ਤਬਦੀਲ ਹੋ ਗਿਆ ਹੈ। ਇਹ ਚੱਕਰਵਾਤੀ ਤੂਫਾਨ ਪੱਛਮ-ਉੱਤਰ-ਪੱਛਮੀ ਦਿਸ਼ਾ ਵੱਲ ਵਧ ਰਿਹਾ ਹੈ। ਅੱਜ ਸਵੇਰੇ ਇਹ ਉੜੀਸਾ ਦੇ ਪਾਰਾਦੀਪ ਤੋਂ ਲਗਭਗ 560 ਕਿਲੋਮੀਟਰ ਦੱਖਣ-ਪੂਰਬ ਅਤੇ ਬੰਗਾਲ ਦੇ ਸਾਗਰ ਟਾਪੂ ਤੋਂ ਲਗਭਗ 630 ਕਿਲੋਮੀਟਰ ਦੱਖਣ-ਪੂਰਬ ਵੱਲ ਸੀ। ਮੌਸਮ ਵਿਭਾਗ ਨੇ ਕਿਹਾ ਕਿ ‘ਇਹ ਉੱਤਰ-ਪੱਛਮ ਵੱਲ ਵਧਣ ਅਤੇ 24 ਅਕਤੂਬਰ ਦੀ ਸਵੇਰ ਤੱਕ ਉੱਤਰ-ਪੱਛਮੀ ਬੰਗਾਲ ਦੀ ਖਾੜੀ ‘ਤੇ ਇੱਕ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਹੈ। 24 ਅਕਤੂਬਰ ਦੀ ਰਾਤ ਤੋਂ 25 ਅਕਤੂਬਰ ਦੀ ਸਵੇਰ ਤੱਕ ਇਹ ਪੁਰੀ ਅਤੇ ਸਾਗਰ ਟਾਪੂ ਦੇ ਵਿਚਾਲੇ ਉੱਤਰੀ ਉੜੀਸਾ ਅਤੇ ਪੱਛਮੀ ਬੰਗਾਲ ਦੇ ਤੱਟਾਂ ਨੂੰ ਪਾਰ ਕਰੇਗਾ, ਜਿਸ ਦੌਰਾਨ ਹਵਾ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਤੂਫਾਨ ਕਾਰਨ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ।

ਚੱਕਰਵਾਤੀ ਤੂਫਾਨ ਦਾਨਾ ਦੇ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਭਾਰਤੀ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ ਦੁਆਰਾ 150 ਐਨਡੀਆਰਐਫ ਕਰਮਚਾਰੀਆਂ ਨੂੰ ਉੜੀਸਾ ਭੇਜਿਆ ਹੈ। ਇਹ ਜਵਾਨ ਪੰਜਾਬ ਦੇ ਬਠਿੰਡਾ ਤੋਂ ਭੇਜੇ ਗਏ ਸਨ ਅਤੇ ਅੱਜ ਸਵੇਰੇ ਭੁਵਨੇਸ਼ਵਰ ਪਹੁੰਚੇ ਸਨ। ਤੂਫਾਨ ਦੇ ਖਤਰੇ ਨੂੰ ਦੇਖਦੇ ਹੋਏ ਓਡੀਸ਼ਾ ਸਰਕਾਰ ਨੇ ਸਾਵਧਾਨੀ ਦੇ ਤੌਰ ‘ਤੇ 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਤੂਫਾਨ ਕਾਰਨ 198 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਓਡੀਸ਼ਾ ਸਰਕਾਰ ਨੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਸਕੂਲ, ਕਾਲਜ ਅਤੇ ਆਂਗਣਵਾੜੀ ਕੇਂਦਰਾਂ ਨੂੰ 23 ਤੋਂ 25 ਅਕਤੂਬਰ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *

View in English