View in English:
April 22, 2025 4:09 am

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪਠਾਨਕੋਟ ਵਿੱਚ ਪ੍ਰੋਜੈਕਟਾਂ ਦਾ ਉਦਘਾਟਨ

ਫੈਕਟ ਸਮਾਚਾਰ ਸੇਵਾ

ਪਠਾਨਕੋਟ, ਅਪ੍ਰੈਲ 9

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਵਿੱਚ ‘ਸਿੱਖਿਆ ਕ੍ਰਾਂਤੀ’ ਦਾ ਦੌਰ ਸ਼ੁਰੂ ਹੋਇਆ ਹੈ, ਜਿਸ ਨਾਲ ਸੂਬੇ ਦੇ ਵਿਦਿਅਕ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆ ਰਹੀਆਂ ਹਨ।

ਇਹ ਵਿਚਾਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭੋਆ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ, ਪਪਿਆਲ ਲਈ 13.21 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਨਾਜੋਚੱਕ ਲਈ 8.27 ਲੱਖ ਰੁਪਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚਕ ਲਈ 11.13 ਲੱਖ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮੌਕੇ ਪ੍ਰਗਟ ਕੀਤੇ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਾਜੋਚੱਕ ਵਿਖੇ ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਦਮਿਕ ਖੇਤਰ ਵਿੱਚ ਇਹ ਕ੍ਰਾਂਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਨ੍ਹਾਂ ਨੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਦੇਖਿਆ ਹੈ, ਦੀ ਦੂਰਦਰਸ਼ੀ ਅਗਵਾਈ ਤੇ ਮਾਰਗਦਰਸ਼ਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਿੱਖਿਆ ਕ੍ਰਾਂਤੀ ਦੇ ਆਗੂ ਮਨੀਸ਼ ਸਿਸੋਦੀਆ ਦੇ ਠੋਸ ਯਤਨਾਂ ਦਾ ਨਤੀਜਾ ਹੈ।

ਹੋਰ ਜਾਣਕਾਰੀ ਦਿੰਦਿਆਂ ਕਟਾਰੂਚੱਕ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦੇ ਹਿੱਸੇ ਵਜੋਂ ਸਕੂਲਾਂ ਵਿੱਚ ਲਾਇਬ੍ਰੇਰੀਆਂ, ਚਾਰਦੀਵਾਰੀਆਂ, ਪਖਾਨੇ ਅਤੇ ਵਿਗਿਆਨ ਪ੍ਰਯੋਗਸ਼ਾਲਾਵਾਂ ਦੀ ਉਸਾਰੀ ਦੇ ਰੂਪ ਵਿੱਚ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਵੱਡੀ ਰਕਮ ਖਰਚ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਜ ਸਰਕਾਰ ਦੁਆਰਾ ਲਿਆਂਦੀ ਗਈ ਇਸ ਕ੍ਰਾਂਤੀਕਾਰੀ ਤਬਦੀਲੀ ਨੇ ਲੋਕਾਂ ਦੀ ਸੋਚ ਵਿੱਚ ਇੱਕ ਵੱਡਾ ਬਦਲਾਅ ਲਿਆਂਦਾ ਹੈ, ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਕੂਲਾਂ ਵਿੱਚ ਨਵੀਨਤਮ ਸਿੱਖਿਆ ਅਮਲਾਂ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ‘ਸਿੱਖਿਆ ਕ੍ਰਾਂਤੀ’ ਦਾ ਇਹ ਰੁਝਾਨ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਇਸ ਮੌਕੇ ਹਲਕਾ ਇੰਚਾਰਜ ਕਮ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਮਿਤ ਮੰਟੂ ਨੇ ਵਿਧਾਨ ਸਭਾ ਹਲਕਾ ਸੁਜਾਨਪੁਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਮੱਟੀ ਲਈ 1.40 ਲੱਖ ਰੁਪਏ, ਸ਼ਹੀਦ ਗੌਤਮ ਸਿੰਘ ਪਠਾਨੀਆ ਸੀਨੀਅਰ ਸੈਕੰਡਰੀ ਸਕੂਲ ਕੋਟਮੱਟੀ ਲਈ 9.55 ਲੱਖ ਰੁਪਏ ਅਤੇ ਸਰਕਾਰੀ ਹਾਈ ਸਕੂਲ ਕੋਟਮੱਟੀ ਲਈ 11.1 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਪਠਾਨਕੋਟ ਵਿੱਚ ਜ਼ਿਲ੍ਹਾ ਇੰਚਾਰਜ ਪਠਾਨਕੋਟ ਕਮ ਚੇਅਰਮੈਨ, ਇੰਪਰੂਵਮੈਂਟ ਟਰੱਸਟ, ਪਠਾਨਕੋਟ ਵਿਭੂਤੀ ਸ਼ਰਮਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਢਾਕੀ ਲਈ 2 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਲਈ 1.4 ਲੱਖ ਰੁਪਏ ਅਤੇ ਸ਼ਹੀਦ ਮੇਜਰ ਦੀਪਕ ਪੱਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੌਲਤਪੁਰ ਲਈ 19.46 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪਠਾਨਕੋਟ ਰਾਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਪਠਾਨਕੋਟ ਕਮਲਜੀਤ ਕੌਰ, ਡਿਪਟੀ ਡੀਈਓ ਸੈਕੰਡਰੀ ਅਮਨਦੀਪ ਕੁਮਾਰ, ਡਿਪਟੀ ਡੀਈਓ ਐਲੀਮੈਂਟਰੀ ਡੀ.ਜੀ. ਸਿੰਘ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਹਲਕਾ ਕੋਆਰਡੀਨੇਟਰ ਭੋਆ ਬੀਪੀਈਓ ਨਰੇਸ਼ ਪਾਨੇਯਰ, ਕੋਆਰਡੀਨੇਟਰ ਹਲਕਾ ਸੁਜਾਨਪੁਰ ਬੀਪੀਈਓ ਰਾਕੇਸ਼ ਠਾਕੁਰ, ਕੋਆਰਡੀਨੇਟਰ ਹਲਕਾ ਪਠਾਨਕੋਟ ਬੀਪੀਈਓ ਕੁਲਦੀਪ ਸਿੰਘ, ਪ੍ਰਿੰਸੀਪਲ ਤਾਜ ਸਿੰਘ, ਪ੍ਰਿੰਸੀਪਲ ਜਤਿੰਦਰ ਕੌਰ ਅਤੇ ਪ੍ਰਿੰਸੀਪਲ ਅਰੁਣ ਕੁਮਾਰ ਹਾਜ਼ਰ ਸਨ।

Leave a Reply

Your email address will not be published. Required fields are marked *

View in English