ਫੈਕਟ ਸਮਾਚਾਰ ਸੇਵਾ
ਦਿੱਲੀ , ਜਨਵਰੀ 19
ਦਿੱਲੀ ਵਿਧਾਨ ਸਭਾ ਚੋਣਾਂ 2025 ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹਨ। ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਫ਼ਾਈ ਕਰਮਚਾਰੀਆਂ ਨਾਲ ਵੱਡਾ ਵਾਅਦਾ ਕੀਤਾ ਹੈ। ਉਨ੍ਹਾਂ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।
ਦਰਅਸਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਇਕ ਹੋਰ ਵੱਡਾ ਵਾਅਦਾ ਕੀਤਾ ਹੈ। ਕਿਹਾ ਕਿ ਦਿੱਲੀ ਵਿੱਚ ਰਹਿਣ ਲਈ ਮਕਾਨਾਂ ਦੀ ਵੱਡੀ ਸਮੱਸਿਆ ਹੈ। ਗ਼ਰੀਬ ਆਦਮੀ ਲਈ ਕਿਰਾਇਆ ਜਾਂ ਆਪਣਾ ਮਕਾਨ ਲੈਣਾ ਬਹੁਤ ਔਖਾ ਹੈ। ਜਦੋਂ ਸਫਾਈ ਕਰਮਚਾਰੀ ਸੇਵਾਮੁਕਤ ਹੋ ਜਾਂਦੇ ਹਨ, ਤਾਂ ਉਹ ਲਗਭਗ ਸੜਕਾਂ ‘ਤੇ ਆ ਜਾਂਦੇ ਹਨ। ਉਨ੍ਹਾਂ ਕੋਲ ਇੰਨੀ ਬੱਚਤ ਜਾਂ ਪੈਨਸ਼ਨ ਨਹੀਂ ਹੈ ਕਿ ਉਹ ਆਪਣਾ ਘਰ ਖਰੀਦ ਸਕਣ। ਸੇਵਾਮੁਕਤੀ ਤੋਂ ਬਾਅਦ ਸਫ਼ਾਈ ਕਰਮਚਾਰੀ ਝੁੱਗੀਆਂ ਵਿੱਚ ਰਹਿਣ ਲਈ ਮਜਬੂਰ ਹਨ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਦੀ ਸਮੱਸਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਇੱਕ ਪੱਤਰ ਰਾਹੀਂ ਪੀਐਮ ਮੋਦੀ ਨੂੰ ਕਿਹਾ ਕਿ ਦਿੱਲੀ ਵਿੱਚ ਸਰਕਾਰੀ ਕਰਮਚਾਰੀਆਂ ਲਈ ਇੱਕ ਯੋਜਨਾ ਬਣਾਈ ਜਾਵੇ, ਜਿਸ ਦੇ ਤਹਿਤ ਜੇਕਰ ਕੇਂਦਰ ਸਰਕਾਰ ਉੱਚ ਰਿਆਇਤੀ ਦਰ ‘ਤੇ ਜ਼ਮੀਨ ਦਿੰਦੀ ਹੈ ਤਾਂ ਦਿੱਲੀ ਸਰਕਾਰ ਉਸ ‘ਤੇ ਘਰ ਬਣਾਏਗੀ। ਇਹ ਘਰ ਸਫਾਈ ਕਰਮਚਾਰੀਆਂ ਨੂੰ ਦਿੱਤੇ ਜਾਣਗੇ। ਉਹ ਆਸਾਨ ਕਿਸ਼ਤਾਂ ਵਿੱਚ ਪੈਸੇ ਦੇ ਕੇ ਇਸ ਘਰ ਦੇ ਮਾਲਕ ਬਣ ਸਕਦੇ ਹਨ। ਦਿੱਲੀ ਵਿੱਚ ਜ਼ਮੀਨ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ।
ਦਿੱਲੀ ਦੇ ਸਾਬਕਾ ਸੀਐਮ ਨੇ ਕਿਹਾ ਕਿ ਇਹ ਯੋਜਨਾ ਪਹਿਲਾਂ ਸਫ਼ਾਈ ਕਰਮਚਾਰੀਆਂ ਨਾਲ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਕੇਂਦਰ ਸਰਕਾਰ ਨੂੰ ਜ਼ਮੀਨ ਦੇਣੀ ਚਾਹੀਦੀ ਹੈ ਅਤੇ ਦਿੱਲੀ ਸਰਕਾਰ ਨੂੰ ਉਸ ਵਿੱਚ ਘਰ ਬਣਾਉਣੇ ਚਾਹੀਦੇ ਹਨ। ਫਿਰ ਘਰ ਲਈ ਆਸਾਨ ਕਿਸ਼ਤ ਸਫਾਈ ਕਰਮਚਾਰੀਆਂ ਦੀ ਤਨਖਾਹ ਵਿੱਚੋਂ ਕੱਟੀ ਜਾਵੇਗੀ। ਉਨ੍ਹਾਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਇਸ ਲਈ ਜ਼ਰੂਰ ਸਹਿਮਤ ਹੋਵੇਗੀ, ਕਿਉਂਕਿ ਇਹ ਇਕ ਭਲਾਈ ਸਕੀਮ ਹੈ। ਇਸ ਤੋਂ ਬਾਅਦ ਇਹ ਸਕੀਮ ਹੋਰ ਸਰਕਾਰੀ ਮੁਲਾਜ਼ਮਾਂ ਲਈ ਵੀ ਲਾਗੂ ਕੀਤੀ ਜਾਵੇਗੀ।