View in English:
October 23, 2024 4:59 pm

ਕੇਂਦਰੀ ਰਾਜ ਮੰਤਰੀ ਬਿੱਟੂ ਨੇ ਮੋਦੀ ਅੱਗੇ ਗੋਡੇ ਟੇਕ ਕੇ ਪੰਜਾਬ ਦੇ ਕਿਸਾਨਾਂ ਨੂੰ ਵਿਸਾਰਿਆ : ਡਾ. ਬਲਬੀਰ ਸਿੰਘ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਕਤੂਬਰ 23

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਹੈ ਕਿ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਗੋਡੇ ਟੇਕ ਕੇ ਪੰਜਾਬ ਅਤੇ ਸੂਬੇ ਦੇ ਕਿਸਾਨਾਂ ਦੇ ਹਿਤਾਂ ਨੂੰ ਵਿਸਾਰ ਦਿੱਤਾ ਹੈ। ਸਿਹਤ ਮੰਤਰੀ ਨੇ ਲੰਗ, ਲੌਟ ਤੇ ਪਟਿਆਲਾ ਅਨਾਜ ਮੰਡੀਆਂ ਤੇ ਹੋਰ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕੇਂਦਰ ਸਰਕਾਰ ਉੱਤੇ ਦਬਾਅ ਬਣਾ ਰਹੀ ਹੈ ਤਾਂ ਕਿ ਕਿਸਾਨਾਂ ਦੀ ਸੋਨੇ ਵਰਗੀ ਫ਼ਸਲ ਖਰੀਦਣ ਮਗਰੋਂ ਮੰਡੀਆਂ ਵਿੱਚੋਂ ਲਿਫਟਿੰਗ ਵੀ ਨਾਲੋ-ਨਾਲ ਕੀਤੀ ਜਾਵੇ।
ਸਿਹਤ ਮੰਤਰੀ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਸਮੇਤ ਸੂਬੇ ਦੇ ਸਾਰੇ ਮੰਤਰੀ ਅਤੇ ਐਮਐਲਏਜ ਮੰਡੀਆਂ ਵਿੱਚ ਪੁੱਜੇ ਹੋਏ ਹਨ ਅਤੇ ਕਿਸਾਨਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ।ਉਨ੍ਹਾਂ ਸਵਾਲ ਕੀਤਾ ਕਿ ਬਿੱਟੂ ਦੱਸੇ ਕਿ ਉਹ ਕਿੱਥੇ ਹੈ ? ਉਨ੍ਹਾਂ ਕਿਹਾ ਕਿ ਜਦੋਂ ਤੋਂ ਰਵਨੀਤ ਬਿੱਟੂ ਮੰਤਰੀ ਬਣਿਆ ਹੈ ਪੰਜਾਬ ਨਾਲ ਧੱਕਾ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੱਸੇ ਕਿ ਉਹ ਤਿੰਨ ਵਾਰ ਪੰਜਾਬ ਤੋਂ ਪਾਰਲੀਮੈਂਟ ਜਾ ਕੇ ਪੰਜਾਬ ਲਈ ਕੀ ਲੈ ਕੇ ਆਏ? ਇਸ ਲਈ ਜਦੋਂ ਉਹ ਮੋਦੀ ਸਰਕਾਰ ਵਿੱਚ ਕੁਝ ਬਣੇ ਹਨ ਤਾਂ ਹੁਣ ਤਾਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਲਈ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ।
ਉਨ੍ਹਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਤਨਜ਼ ਕਸਦਿਆਂ ਕਿਹਾ ਕਿ ਰੇਲ ਵਿਭਾਗ ਤੇ ਫੂਡ ਪ੍ਰੋਸੈਸਿੰਗ ਵਿਭਾਗ ਹੋਣ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਕਿਸਾਨਾਂ ਦੀ ਬਾਂਹ ਨਹੀਂ ਫੜੀ ਗਈ ਹੈ ਅਤੇ ਨਾ ਹੀ ਬਿੱਟੂ ਤੇ ਨਾ ਹੀ ਕੋਈ ਹੋਰ ਕੇਂਦਰ ਦਾ ਮੰਤਰੀ ਜਾਂ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਆਦਿ ਮੰਡੀਆਂ ਵਿੱਚ ਕਿਸਾਨਾਂ ਦੀ ਸਾਰ ਲੈਣ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਸਮੇਤ ਆੜਤੀਏ, ਲੇਬਰ, ਸ਼ੈਲਰ ਮਿਲਰਜ ਤੇ ਟਰਾਂਸਪੋਰਟਰ ਸਾਡੀ ਰੀਡ ਦੀ ਹੱਡੀ ਹਨ ਪਰ ਮੋਦੀ ਸਰਕਾਰ ਮੰਡੀਕਰਨ ਸਿਸਟਮ ਦੀ ਦੁਸ਼ਮਣ ਬਣਕੇ ਇਨ੍ਹਾਂ ਰੋਲਣ ‘ਤੇ ਲੱਗੀ ਹੋਈ ਹੈ ਤੇ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਬਿੱਟੂ ਕੋਲ ਕਿਸਾਨਾਂ ਨਾਲ ਸਬੰਧਤ ਮੰਤਰਾਲਾ ਹੈ ਪਰ ਉਹ ਸੂਬੇ ਵਿੱਚ ਪਾਣੀ ਬਚਾਉਣ ਲਈ ਲਿਆਂਦੀ ਝੋਨੇ ਦੀ ਕਿਸਮ ਵਿੱਚ ਨਮੀ ਦੀ ਕੋਈ ਰਿਆਇਤ ਨਹੀਂ ਦੇ ਰਹੇ ਤੇ ਨਾ ਹੀ ਰੇਲਵੇ ਨੇ ਸਮੇਂ ਸਿਰ ਪੰਜਾਬ ਦੇ ਸ਼ੈਲਰਾਂ ਵਿੱਚ ਪਿਆ ਅਨਾਜ ਚੁੱਕਿਆ ਹੈ ਜਦਕਿ ਮੰਡੀਆਂ ਵਿੱਚ ਬਾਰਦਾਨਾ ਨਹੀਂ ਮਿਲ ਰਿਹਾ ਅਤੇ ਕਿਸਾਨਾਂ ਨੂੰ ਡੀਏਪੀ ਦੀ ਵੀ ਸਪਲਾਈ ਨਹੀਂ ਦਿੱਤੀ ਜਾ ਰਹੀ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਪੰਜਾਬ ਨਾਲ ਮਤਰੇਈ ਮਾਂ ਵਾਲੇ ਸਲੂਕ ਕਰਕੇ ਸੋਨੇ ਵਰਗੀ ਫ਼ਸਲ ਲੈਕੇ ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੋਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਐਸ ਡੀ ਐਮ ਨਾਭਾ ਡਾ. ਇਸਮਤ ਵਿਜੇ ਸਿੰਘ ਤੇ ਐਸ ਡੀ ਐਮ ਪਟਿਆਲਾ ਮਨਜੀਤ ਕੌਰ ਸਮੇਤ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English