ਦਿੱਲੀ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਇੱਥੇ ਇੱਕ ਵਿਅਕਤੀ ਕਾਰ ਦੇ ਟਾਇਰਾਂ ਵਿੱਚ ਫਸ ਗਿਆ। ਡਰ ਦੇ ਮਾਰੇ ਅਤੇ ਭੱਜਣ ਦੀ ਕੋਸ਼ਿਸ਼ ਵਿੱਚ ਕਾਰ ਚਾਲਕ ਉਸਨੂੰ ਕਰੀਬ 10 ਮੀਟਰ ਤੱਕ ਘਸੀਟਦਾ ਲੈ ਗਿਆ। ਜਦੋਂ ਪੀੜਤ ਕਿਸੇ ਤਰ੍ਹਾਂ ਕਾਰ ਤੋਂ ਛੁੱਟਿਆ ਤਾਂ ਆਸ-ਪਾਸ ਦੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਜ਼ਖਮੀ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਮਾਮਲਾ ਕਨਾਟ ਪਲੇਸ ਦਾ ਹੈ, ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਲੇਖਰਾਜ ਵਜੋਂ ਹੋਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਮਿਲੀ। ਫੁਟੇਜ ਤੋਂ ਅਪਰਾਧ ਵਿੱਚ ਸ਼ਾਮਲ ਕਾਰ ਦੀ ਪਛਾਣ ਕੀਤੀ ਗਈ ਹੈ। ਜਦੋਂ ਪੁਲਸ ਮਹੀਪਾਲਪੁਰ ਸਥਿਤ ਕਾਰ ਮਾਲਕ ਦੇ ਘਰ ਪਹੁੰਚੀ ਤਾਂ ਮਾਲਕ ਘਟਨਾ ਬਾਰੇ ਸੁਣ ਕੇ ਹੈਰਾਨ ਰਹਿ ਗਿਆ। ਕਾਰ ਮਾਲਕ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਸ ਦੇ ਇੱਕ ਦੋਸਤ ਨੇ ਕਾਰ ਉਧਾਰ ਲਈ ਸੀ।
ਦੋਸਤ ਨੇ ਕਾਰ ਤਾਂ ਵਾਪਸ ਕਰ ਦਿੱਤੀ ਪਰ ਕਾਰ ਮਾਲਕ ਨੂੰ ਘਟਨਾ ਬਾਰੇ ਕੁਝ ਨਹੀਂ ਦੱਸਿਆ। ਕਾਰ ਮਾਲਕ ਦੇ ਕਹਿਣ ‘ਤੇ ਪੁਲਸ ਨੇ ਦੋਸ਼ੀ 28 ਸਾਲਾ ਸ਼ਿਵਮ ਦੂਬੇ ਨੂੰ ਫੜ ਲਿਆ। ਸ਼ਿਵਮ ਨੇ ਦੱਸਿਆ ਕਿ ਉਹ ਆਪਣੇ ਇਕ ਦੋਸਤ ਨੂੰ ਮਿਲਣ ਕਨਾਟ ਪਲੇਸ ਗਿਆ ਸੀ ਅਤੇ ਹਾਦਸੇ ਤੋਂ ਬਾਅਦ ਡਰ ਕੇ ਉਥੋਂ ਭੱਜ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ਿਵਮ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਹਾਦਸੇ ਵਿੱਚ ਸ਼ਾਮਲ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ 45 ਸਾਲਾ ਲੇਖਰਾਜ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ। ਉਸ ਦੇ ਪਰਿਵਾਰ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ।