ਫੈਕਟ ਸਮਾਚਾਰ ਸੇਵਾ
ਮੁੰਬਈ, ਨਵੰਬਰ 12
ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਅੱਜ ਸਵੇਰੇ 1 ਵਜੇ ਘਰ ਵਿਚ ਬੇਹੋਸ਼ ਹੋਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਦੋਸਤ ਅਤੇ ਕਾਨੂੰਨੀ ਸਲਾਹਕਾਰ ਲਲਿਤ ਬਿੰਦਲ ਨੇ ਦਿੱਤੀ। ਲਲਿਤ ਬਿੰਦਲ ਨੇ ਦੱਸਿਆ ਕਿ ਗੋਵਿੰਦਾ ਨੂੰ ਅੱਧੀ ਰਾਤ ਦੇ ਕਰੀਬ ਘਰ ਵਿਚ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਬੇਹੋਸ਼ ਹੋ ਗਏ। ਫਿਰ ਉਨ੍ਹਾਂ ਨੂੰ ਜੁਹੂ ਦੇ ਕ੍ਰਿਟੀਕਲ ਕੇਅਰ ਹਸਪਤਾਲ ਲਿਜਾਇਆ ਗਿਆ। ਡਾਕਟਰ ਇਸ ਸਮੇਂ ਗੋਵਿੰਦਾ ਦੀ ਹਾਲਤ ਦਾ ਮੁਲਾਂਕਣ ਕਰ ਰਹੇ ਹਨ।
ਬਿੰਦਲ ਨੇ ਇਹ ਵੀ ਕਿਹਾ ਕਿ ਗੋਵਿੰਦਾ ਨੇ ਉਨ੍ਹਾਂ ਨੂੰ ਫ਼ੋਨ ਕੀਤਾ, ਇਸ ਲਈ ਮੈਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਗਿਆ। ਉਨ੍ਹਾਂ ਨੂੰ ਦਵਾਈ ਦੇਣ ਤੋਂ ਬਾਅਦ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਗੋਵਿੰਦਾ ਦੇ ਸਾਰੇ ਟੈਸਟ ਕੀਤੇ ਗਏ ਹਨ। ਅਸੀਂ ਹੁਣ ਰਿਪੋਰਟਾਂ ਅਤੇ ਨਿਊਰੋਲੋਜਿਸਟ ਦੀ ਸਲਾਹ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।







