ਫੈਕਟ ਸਮਾਚਾਰ ਸੇਵਾ
ਮੋਹਾਲੀ, ਜੁਲਾਈ 20
ਪੰਜਾਬ ਦੇ ਸਭ ਤੋਂ ਵੱਡੇ ਵਿਧਾਨ ਸਭਾ ਹਲਕੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਇਹ ਫੈਸਲਾ ਉਨ੍ਹਾਂ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਨਾਲ ਹੋਈ ਬੈਠਕ ‘ਚ ਲਿਆ। ਇਸ ਦੀ ਜਾਣਕਾਰੀ ਅਮਨ ਅਰੋੜਾ ਨੇ ਖ਼ੁਦ ਇੰਟਰਨੈਟ ਮੀਡੀਆ ਰਾਹੀਂ ਦਿੱਤੀ। ਅਮਨ ਅਰੋੜਾ ਨੇ ਲਿਖਿਆ ਹੈ ਕਿ ਅਨਮੋਲ ਗਗਨ ਮਾਨ ਨਾਲ ਬੈਠਕ ਹੋਈ ਤੇ ਪਾਰਟੀ ਨੇ ਉਨ੍ਹਾਂ ਦੇ ਵਿਧਾਇਕ ਅਹੁਦੇ ਤੋਂ ਅਸਤੀਫੇ ਨੂੰ ਨਾਮਨਜ਼ੂਰ ਕਰਨ ਦਾ ਫੈਸਲਾ ਕੀਤਾ ਜਿਸਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਪਾਰਟੀ ਤੇ ਖੇਤਰ ਦੀ ਭਲਾਈ ਲਈ ਮਿਲ ਕੇ ਕੰਮ ਕਰਨ ਦੀ ਬੇਨਤੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਅਚਾਨਕ ਇੰਟਰਨੈਟ ਮੀਡੀਆ ਰਾਹੀਂ ਜਾਣਕਾਰੀ ਦੇ ਕੇ ਅਨਮੋਲ ਗਗਨ ਮਾਨ ਨੇ ਸਿਆਸਤ ਤੋਂ ਸੰਨਿਆਸ ਲੈਂਦਿਆਂ ਆਪਣੇ ਵਿਧਾਇਕੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ‘ਤੇ ਇਲਾਕੇ ‘ਚ ਕਈ ਕਿਸਮ ਦੀਆਂ ਚਰਚਾਵਾਂ ਚੱਲ ਰਹੀਆਂ ਸਨ।
ਅੱਜ @AnmolGaganMann ਨਾਲ ਪਰਿਵਾਰਿਕ ਮਾਹੌਲ ਵਿੱਚ ਮੁਲਾਕਾਤ ਹੋਈ। ਵਿਧਾਇਕਾ ਵੱਜੋਂ ਓਹਨਾ ਦੇ ਅਸਤੀਫ਼ੇ ਨੂੰ ਪਾਰਟੀ ਵੱਲੋਂ ਨਾਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਜਿਸ ਨੂੰ ਓਹਨਾ ਨੇ ਸਵੀਕਾਰ ਕੀਤਾ। ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣ ਕਿਹਾ।