ਚੰਡੀਗੜ੍ਹ

ਸਰਕਾਰੀ ਕਾਲਜ ਸੈਕਟਰ-46 ਵਿੱਚ ਯੁਵਕ ਤੇ ਵਿਰਾਸਤੀ ਮੇਲਾ ਸ਼ੁਰੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਨਵੰਬਰ 28

ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਵਿੱਚ ਪੰਜਾਬ ਯੂਨੀਵਰਸਿਟੀ ਜ਼ੋਨ ਏ ਦਾ ਯੁਵਕ ਤੇ ਵਿਰਾਸਤੀ ਮੇਲਾ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਗੁੱਡੀਆਂ ਪਟੋਲੇ ਵਿੱਚ ਡੀਏਵੀ ਕਾਲਜ ਸੈਕਟਰ-10 ਦੀ ਪਰਨੀਤ ਕੌਰ ਮੋਹਰੀ ਰਹੀ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਦੀ ਨਿਧੀ ਦੂਜੇ ਤੇ ਮੇਜ਼ਬਾਨ ਕਾਲਜ ਦੀ ਮਹਿਤ ਗੁਪਤਾ ਤੀਜੇ ਸਥਾਨ ’ਤੇ ਆਈ। ਉਦਘਾਟਨ ਪੰਜਾਬ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਦੇ ਡਾਇਰੈਕਟਰ ਨਿਰਮਲ ਜੌੜਾ ਨੇ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਆਭਾ ਸੁਦਰਸ਼ਨ ਨੇ ਪਤਵੰਤਿਆਂ ਦਾ ਸਵਾਗਤ ਕੀਤਾ।

ਇਸ ਮੌਕੇ ਡਾਇਰੈਕਟਰ ਜੌੜਾ ਨੇ ਕਿਹਾ ਕਿ ਇਸ ਯੁਵਕ ਮੇਲੇ ’ਚ ਵਿਦਿਆਰਥੀਆਂ ਨੂੰ ਸਭਿਆਚਾਰਕ ਤੇ ਹੋਰ ਗਤੀਵਿਧੀਆਂ ਵਿਚ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੁੱਖ ਇੰਜੀਨੀਅਰ ਸੀ ਬੀ ਓਝਾ ਨੇ ਹਾਜ਼ਰੀ ਭਰੀ ਜਦਕਿ ਕਾਲਜ ਦੇ ਸਾਬਕਾ ਪ੍ਰਿੰਸੀਪਲ ਬੀ ਪੀ ਯਾਦਵ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ। ਸ਼ਬਦ ਗਾਇਨ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਤੇ ਇਸੀ ਵਰਗ ਦੇ ਵਿਅਕਤੀਗਤ ਮੁਕਾਬਲੇ ਵਿਚ ਸਰਕਾਰੀ ਕਾਲਜ ਸੈਕਟਰ-46 ਦੀ ਸ਼ਿਲਪੀ ਮੋਹਰੀ ਰਹੀ।