ਨਜ਼ਰੀਆ

ਕੌਣ ਹੈ ਪੰਜਾਬ ਵਿਚ ਆਮ ਆਦਮੀ ? ਚੰਨੀ ਜਾਂ ਕੇਜਰੀਵਾਲ

ਕੀ ਦੋਵਾਂ ਨੂੰ ਇਕ ਦੂਜੇ ਦਾ ਡਰ ਹੈ ?
ਬਿਕਰਮਜੀਤ ਸਿੰਘ ਗਿੱਲ
ਨਵੰਬਰ 30

ਜਿਵੇਂ-ਜਿਵੇਂ ਚੋਣਾਂ-2022 ਲਾਗੇ ਆ ਰਹੀਆਂ ਹਨ ਉਵੇਂ-ਉਵੇਂ ਪੰਜਾਬ ਵਿਚ ਸਿਆਸੀ ਖ਼ੁਮਾਰੀ ਚੜ੍ਹ ਰਹੀ ਹੈ। ਪੰਜਾਬ ਵਿਚ ਮੁੱਖ ਤੌਰ ‘ਤੇ ਤਿੰਨ ਸਿਆਸੀ ਧਿਰਾਂ ਹਨ। ਕਾਂਗਰਸ, ਅਕਾਲੀ ਅਤੇ ਪਿਛਲੇ ਕੁੱਝ ਸਾਲਾਂ ਤੋਂ ਨਵੀਂ ਬਣੀ ਸਿਆਸੀ ਪਾਰਟੀ ਜਿਸ ਦਾ ਨਾਮ ਹੈ ਆਮ ਆਦਮੀ ਪਾਰਟੀ। ਇਹ ਤਿੰਨੇ ਵੋਟਾਂ ਨੂੰ ਲੈ ਕੇ ਸਰਗਰਮ ਹਨ।

ਕਾਲੇ ਖੇਤੀ ਕਾਨੂੰਨਾਂ ਕਰ ਕੇ ਅਕਾਲੀ ਦਲ ਇਕ ਤਰ੍ਹਾਂ ਹਾਸ਼ੀਏ ਉਤੇ ਪੁੱਜ ਚੁੱਕਾ ਹੈ, ਬੇਸ਼ੱਕ ਸੁਖਬੀਰ ਸਿੰਘ ਬਾਦਲ ਹੰਭਲਾ ਮਾਰ ਰਹੇ ਹਨ ਪਰ ਜੋ ਜੱਗ ਜਾਹਰ ਹੋ ਚੁੱਕਾ ਹੈ ਉਸ ਨੂੰ ਬਦਲਣਾ ਔਖਾ ਕੰਮ ਹੈ। ਪਹਿਲਾਂ ਬੇਅਦਬੀ ਕਾਂਡ ਵਿਚ ਅਕਾਲੀਆਂ ਦੀ ਬਦਨਾਮੀ ਹੋਈ, ਰਹਿੰਦੀ ਕਸਰ ਕਿਸਾਨ ਅੰਦੋਲਨ ਨੇ ਪੂਰੀ ਕਰ ਸੁੱਟੀ।

ਹੁਣ ਗੱਲ ਕਰਦੇ ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ। ਪੰਜਾਬ ਵਿਚ ਕਾਂਗਰਸ ਦਾ ਰਾਜ ਹੈ ਅਤੇ ਆਮ ਆਦਮੀ ਪਾਰਟੀ ਦਾ ਦੇਸ਼ ਦੀ ਰਾਜਧਾਨੀ ਦਿੱਲੀ ਉਤੇ ਕਬਜ਼ਾ ਹੈ।

ਆਮ ਆਦਮੀ ਪਾਰਟੀ ਨੂੰ ਹੁਣ ਤਕ ਸਿਰਫ਼ ਦਿੱਲੀ ਵਿਚ ਬਹੁਮਤ ਮਿਲਿਆ ਹੈ ਉਹ ਵੀ ਤਿੰਨ ਵਾਰ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਸੱਭ ਤੋਂ ਜਿਆਦਾ ਸੀਟਾਂ ਜਿਤਨ ਦਾ ਸਿਹਰਾ ਮਿਲ ਚੁੱਕਾ ਹੈ ਜਿਸ ਕਾਰਨ ਅਕਾਲੀ ਦਲ ਵਿਰੋਧੀ ਧਿਰ ਵੀ ਨਾ ਬਣ ਸਕੀ ਸੀ।

ਕਾਂਗਰਸ ਕਲੇਸ਼ ਪਿਛਲੇ ਕਈ ਮਹੀਨਿਆਂ ਤੋਂ ਚਲਦਾ ਆ ਰਿਹਾ ਹੈ। ਦਰਅਸਲ ਇਹ ਕਲੇਸ਼ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਅੱਜ ਦੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੰਤਰੀ ਬਣੇ ਸਨ। ਇਸ ਮਗਰੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਮਹਿਕਮਾ ਬਦਲ ਕੇ ਬਿਜਲੀ ਮਹਿਕਮਾ ਦੇ ਦਿਤਾ ਤਾਂ ਸਿੱਧੂ ਨਾਰਾਜ਼ ਹੋ ਗਏ ਅਤੇ ਆਪਣਾ ਅਹੁਦਾ ਨਾ ਸਾਂਭਿਆ। ਫਿਰ ਸਿੱਧੂ ਲੰਮਾ ਸਮਾਂ ਇਕਾਂਤਵਾਸ ਰਹੇ।

ਜਿਵੇਂ ਵੀ ਉਨ੍ਹਾਂ ਆਪਣਾ ਇਕਾਂਤਵਾਸ ਤੋੜਿਆ ਉਦੋਂ ਤੋਂ ਉਹ ਕੈਪਟਨ ਵਿਰੋਧੀ ਹੋ ਗਏ ਅਤੇ ਆਏ ਦਿਨ ਟਵੀਟ ਅਤੇ ਹੋਰ ਬਿਆਨ ਦੇ ਕੇ ਕੈਪਟਨ ਦੇ ਪਾਜ ਉਖੇੜਨੇ ਸ਼ੁਰੂ ਕੀਤੇ। ਇਹ ਸਿਲਸਿਲਾ ਉਦੋਂ ਵੀ ਨਾ ਰੁਕਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦੇਣਾ ਪਿਆ।

ਹੁਣ ਤਕ ਦੀ ਕਹਾਣੀ ਮਗਰੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਸਨ

ਚੰਨੀ ਨੇ ਮੁੱਖ ਮੰਤਰੀ ਬਣਦੇ ਹੀ ਪਹਿਲਾਂ ਤਾਂ ਵਿਦਿਆਰਥੀਆਂ ਨਾਲ ਭੱਗੜਾ ਪਾ ਕੇ ਸਾਰਿਆਂ ਨੂੰ ਦੰਗ ਕਰ ਦਿਤਾ ਅਤੇ ਲੋਕ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸਮਝ ਨਾ ਸਕੇ। ਇਸ ਮਗਰੋਂ ਮੁੱਖ ਮੰਤਰੀ ਚੰਨੀ ਨੇ ਇਹ ਸਾਬਤ ਕਰਨ ਦੀ ਕੋਸਿ਼ਸ਼ ਕੀਤੀ ਕਿ ਉਹ ਆਮ ਆਦਮੀ ਹਨ ਨਾ ਕੇ ਰੁਤਬੇ ਵਾਲੇ ਮੁੰਖ ਮੰਤਰੀ । ਉਨ੍ਹਾਂ ਪ੍ਰਚਾਰ ਕੀਤਾ ਕਿ ਉਹ ਆਮ ਲੋਕਾਂ ਦੇ ਮੁੱਖ ਮੰਤਰੀ ਹਨ। ਕਿਸੇ ਹੱਦ ਤਕ ਉਨ੍ਹਾਂ ਇਹ ਸਾਬਤ ਵੀ ਕਰ ਦਿਤਾ।

ਉਨ੍ਹਾਂ ਆਪਣੇ ਘਰ ਅਤੇ ਦਫ਼ਤਰ ਦੇ ਬਾਹਰ ਹੀ ਲੋਕ ਦਰਬਾਰ ਲਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਸ਼ੁਰੂ ਕੀਤੀਆਂ, ਰਸਤੇ ਵਿਚ ਰੁਕ-ਰੁਕ ਕੇ ਲੋਕਾਂ ਨਾਲ ਗੱਲ ਕੀਤੀ, ਰਾਹ ਜਾਂਦੀਆਂ ਬਾਰਾਤਾਂ ਵਿਚ ਪੁੱਜ ਕੇ ਜੋੜਿਆਂ ਨੂੰ ਸ਼ਗਨ ਪਾਏ। ਇਥੇ ਹੀ ਬੱਸ ਨਹੀਂ ਇਕ ਵਾਰ ਮੁੱਖ ਮੰਤਰੀ ਚੰਨੀ ਦੇਰ ਰਾਤ ਘਰ ਜਾ ਰਹੇ ਸਨ ਤਾਂ ਉਨ੍ਹਾਂ ਰਸਤੇ ਵਿਚ ਰੁਕ ਕੇ ਇਕ ਖੱਡੇ ਵਿਚ ਫਸੀ ਗਾਂ ਨੂੰ ਵੀ ਬਚਾਇਆ। ਉਨ੍ਹਾਂ ਇਹ ਵੀ ਦਸਿਆ ਕਿ ਉਹ ਇਕ ਅਤਿ ਦੇ ਗ਼ਰੀਬ ਪਰਵਾਰ ਵਿਚੋਂ ਸਨ ਅਤੇ ਇਸੇ ਲਈ ਉਹ ਲੋਕਾਂ ਦੀਆਂ ਮੁਸ਼ਕਲਾਂ ਚੰਗੀ ਤਰ੍ਹਾਂ ਜਾਣਦੇ ਹਨ। ਲੰਘੀ ਦੀਵਾਲੀ ‘ਤੇ ਉਨ੍ਹਾਂ ਕਿਹਾ ਕਿ ਉਹ ਵੀ ਬਚਪਨ ਵਿਚ ਪਟਾਕਿਆਂ ਦੀ ਦੁਕਾਨ ਲਾਉਂਦੇ ਰਹੇ ਸਨ। ਇਕ ਪੱਤਰਕਾਰ ਨਾਲ ਗੱਲ ਕਰਦਿਆਂ ਉਹ ਵਾਣ ਵਾਲੇ ਮੰਜੇ ਉਤੇ ਬੈਠੇ ਅਤੇ ਕਿਹਾ ਕਿ ਮੈਂ ਮੰਜੇ ਬੁਣਨਾ ਵੀ ਜਾਣਦਾ ਹਾਂ।

ਇਸ ਤੋਂ ਕੁੱਝ ਦਿਨ ਬਾਅਦ ਉਹ ਇਕ ਸਮਾਗਮ ਵਿਚ ਸਟੇਜ ਉਤੇ ਖੜ੍ਹੇ ਭਾਸ਼ਨ ਦੇਣ ਲੱਗੇ ਸਨ ਤਾਂ ਉਨ੍ਹਾਂ ਮਾਈਕ ਆਪਣੇ ਹੱਥ ਵਿਚ ਫੜਦਿਆਂ ਕਿਹਾ ਕਿ ਉਨ੍ਹਾਂ ਟੈਂਟ ਦਾ ਕੰਮ ਵੀ ਕੀਤਾ ਸੀ ਅਤੇ ਇਹ ਟੇਡਾ ਪਿਆ ਮਾਈਕ ਉਨ੍ਹਾਂ ਨੂੰ ਪਸੰਦ ਨਹੀਂ ਸੀ ਹੁੰਦਾ, ਇਹ ਆਖਦਿਆਂ ਉਨ੍ਹਾਂ ਮੌਕੇ ਉਤੇ ਆਪਣਾ ਮਾਈਕ ਆਪ ਹੀ ਸਿੱਧਾ ਕੀਤਾ।

ਹਾਲੇ ਬੀਤੇ ਦੋ ਦਿਨ ਪਹਿਲਾਂ ਜਦੋਂ ਉਹ ਆਪਣੇ ਹਲਕੇ ਮੋਰਿੰਡਾ ਵਿਖੇ ਕਿਸੇ ਕੰਮ ਗਏ ਸਨ ਤਾਂ ਉਹ ਜਦੋਂ ਆਪਣੇ ਹੈਲੀਕਪਟਰ ਉਤੋਂ ਉਤਰੇ ਤਾਂ ਉਨ੍ਹਾਂ ਵੇਖਿਆ ਕਿ ਕੁੱਝ ਬੱਚੇ ਖੇਡ ਰਹੇ ਸਨ। ਉਨ੍ਹਾਂ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਸਾਰਿਆਂ ਨੂੰ ਹੈਲੀਕਾਪਟਰ ਉਤੇ ਝੂਟੇ ਵੀ ਦਿਤੇ।

ਇਹ ਸੱਭ ਵੇਖ ਕੇ ਆਮ ਆਦਮੀ ਪਾਰਟੀ ਵਾਲੇ ਆਪਣੇ ਦੰਦ ਹੇਠ ਉਂਗਲਾਂ ਦੇਣ ਲੱਗ ਪਏ ਅਤੇ ਆਉਣ ਲੱਗੇ ਬਿਆਨ ਕਿ ਮੁੱਖ ਮੰਤਰੀ ਚੰਨੀ ਨਕਲੀ ਆਮ ਆਦਮੀ ਬਣ ਰਿਹਾ ਹੈ, ਅਸਲੀ ਆਮ ਆਦਮੀ ਤਾਂ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਹੈ।

ਇਸ ਮਗਰੋਂ ਚੰਗੀ ਤਗੜੀ ਸਿਆਸੀ ਜੰਗ ਝਿੜੀ, ਮੁੱਖ ਮੰਤਰੀ ਚੰਨੀ, ਕੇਜਰੀਵਾਲ ਨੂੰ ਆਖ ਰਹੇ ਸਨ ਕਿ ਉਹ ਲੋਕਾਂ ਨੂੰ ਆਮ ਆਦਮੀ ਬਣ ਕੇ ਮੂਰਖ ਬਣਾ ਰਿਹਾ ਹੈ। ਉਧਰ ਭਗਵੰਤ ਮਾਨ ਅਤੇ ਕੇਜਰੀਵਾਲ ਇਹ ਕਹਿ ਰਹੇ ਸਨ ਕਿ ਮੁੱਖ ਮੰਤਰੀ ਚੰਨੀ ਆਮ ਆਦਮੀ ਪਾਰਟੀ ਦੀ ਨੀਤੀ ਨੂੰ ਅਪਣਾ ਰਹੇ ਹਨ।

ਇਹ ਸੱਭ ਇਸ ਲਈ ਕਿਹਾ ਗਿਆ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਇਸ ਗੱਲ ਲਈ ਮਸ਼ਹੂਰ ਹਨ ਕਿ ਉਹ ਆਮ ਲੋਕਾਂ ਵਿਚ ਵਿਚਰਦੇ ਹੀ ਰਹਿੰਦੇ ਹਨ। ਇਸ ਤਰ੍ਹਾਂ ਪਹਿਲਾਂ ਕਦੀ ਨਹੀਂ ਸੀ ਹੋਇਆ ਕਿ ਕਿਸੇ ਸੂਬੇ ਦਾ ਮੁੱਖ ਮੰਤਰੀ ਚੰਨੀ ਦੀ ਤਰ੍ਹਾਂ ਲੋਕਾਂ ਵਿਚ ਆਮ ਆਦਮੀ ਬਣ ਕੇ ਵਿਚਰ ਰਿਹਾ ਹੋਵੇ।

ਇਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਡਰ ਹੈ ਕਿ ਕਿਤੇ ਕਾਂਗਰਸੀ ਅਗਲੀਆਂ ਚੋਣਾਂ ਵੀ ਉਨ੍ਹਾਂ ਦਾ ਤਰੀਕਾ ਅਪਣਾ ਕੇ ਜਿੱਤ ਨਾ ਜਾਣ। ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਨੂੰ ਵੀ ਡਰ ਹੋ ਸਕਦਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਪੂਰੀ ਤਰ੍ਹਾ ਸਰਗਰਮ ਹੈ, ਕਿਤੇ ਅਗਲੀ ਵਾਰ ਉਹ ਹੀ ਬਾਜ਼ੀ ਨਾ ਮਾਰ ਜਾਣ।

ਕੁੱਝ ਮਹੀਨੇ ਪਹਿਲਾਂ ਕੇਜਰੀਵਾਲ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਐਲਾਨ ਕੀਤਾ ਸੀ ਕਿ ਪੰਜਾਬ ਵਾਸੀਆਂ ਨੂੰ ਕੁੱਝ ਮੁਫ਼ਤ ਬਿਜਲੀ ਅਤੇ ਬਾਕੀ ਸਸਤੀ ਬਿਜਲੀ ਮਿਲੇਗੀ। ਪਰ ਮੁੱਖ ਮੰਤਰੀ ਚੰਨੀ ਨੇ ਆਮ ਆਦਮੀ ਪਾਰਟੀ ਦੇ ਇਸ ਐਲਾਨ ਨੂੰ ਉਦੋਂ ਠੱਲ ਪਾ ਦਿਤੀ ਜਦੋਂ ਚੰਨੀ ਨੇ ਪੰਜਾਬ ਵਿਚ ਸਸਤੀ ਬਿਜਲੀ ਅਤੇ ਮੁਫ਼ਤ ਬਿਜਲੀ ਦਾ ਐਲਾਨ ਕਰ ਕੇ ਲਾਗੂ ਵੀ ਕਰ ਦਿਤਾ ਅਤੇ ਅਕਾਲੀਆਂ ਵਲੋਂ ਕੀਤੇ ਮਹਿੰਗੇ ਬਿਜਲੀ ਸਮਝੌਤੇ ਵਿਰੁਧ ਮਤਾ ਵੀ ਪਾਸ ਕਰ ਦਿਤਾ।

ਹੁਣ ਇਸ ਸਾਰੇ ਤਾਣੇ-ਬਾਣੇ ਵਿਚ ਇਹ ਸਮਝ ਕਿਵੇਂ ਲੱਗ ਸਕਦੀ ਹੈ ਕਿ ਅਸਲ ਵਿਚ ਆਮ ਆਦਮੀ ਕੌਣ ਹੈ। ਜੋ ਵੀ ਹੈ, ਵਕਤ ਹਰ ਚੀਜ਼ ਦਾ ਜਵਾਬ ਦੇ ਹੀ ਦਿੰਦਾ ਹੈ। ਹੁਣ ਇਸ ਗੱਲ ਦਾ ਜਵਾਬ ਵੀ ਆਉਂਦੀਆਂ ਚੋਣਾਂ 2022 ਵਿਚ ਸਾਰਿਆਂ ਨੂੰ ਮਿਲ ਹੀ ਜਾਵੇਗਾ।

Visit Facebook Page: https://www.facebook.com/factnewsnet

See videos: https://www.youtube.com/c/TheFACTNews/videos