ਦੇਸ਼-ਦੁਨੀਆ

ਪੱਛਮੀ ਬੰਗਾਲ ‘ਚ ਤੇਜ਼ ਬੁਖ਼ਾਰ ਅਤੇ ਦਸਤ ਦੀ ਸਮੱਸਿਆ ਕਾਰਨ ਵਿਗੜੀ 130 ਬੱਚਿਆਂ ਦੀ ਹਾਲਤ

ਫੈਕਟ ਸਮਾਚਾਰ ਸੇਵਾ ਜਲਪਾਈਗੁੜੀ , ਸਤੰਬਰ 14

ਪੱਛਮੀ ਬੰਗਾਲ ’ਚ 130 ਬੱਚਿਆਂ ਨੂੰ ਤੇਜ਼ ਬੁਖ਼ਾਰ ਅਤੇ ਦਸਤ ਦੀ ਸ਼ਿਕਾਇਤ ਨਾਲ ਜਲਪਾਈਗੁੜੀ ਸਦਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ’ਚੋਂ 2 ਨੂੰ ਬਾਅਦ ’ਚ ਉੱਤਰ ਬੰਗਾਲ ਮੈਡੀਕਲ ਕਾਲਜ ’ਚ ਰੈਫ਼ਰ ਕਰ ਦਿੱਤਾ ਗਿਆ, ਕਿਉਂਕਿ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ।

ਮਾਹਿਰਾਂ ਦੀ ਇਸ ਚਿਤਾਵਨੀ ਦਰਮਿਆਨ ਇਹ ਘਟਨਾ ਸਾਹਮਣੇ ਆਈ ਹੈ ਕਿ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਬੱਚਿਆਂ ਦੀ ਵੱਧ ਜ਼ੋਖਮ ਪੈਦਾ ਕਰ ਸਕਦੀ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ ਅਤੇ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਕਿਸੇ ਨੂੰ ਦਾਖ਼ਲ ਕਰਨ ਤੋਂ ਮਨ੍ਹਾ ਨਾ ਕੀਤਾ ਜਾਵੇ। ਸਥਿਤੀ ਕਾਫ਼ੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਬੱਚਿਆਂ ਦੀ ਕੋਰੋਨਾ ਜਾਂਚ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਮੌਮਿਤਾ ਗੋਦਾਰਾ ਬਸੁ ਨੇ ਦਿਨ ’ਚ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਅੱਗੇ ਦਾ ਰਸਤਾ ਲੱਭਣ ਲਈ ਅਧਿਕਾਰੀਆਂ ਨਾਲ ਲਗਾਤਾਰ ਬੈਠਕਾਂ ਕੀਤੀਆਂ।