ਦੇਸ਼-ਦੁਨੀਆ

ਦਿੱਲੀ ਦੇ ਵਜ਼ੀਰਾਬਾਦ ’ਚ ਪਾਣੀ ਦਾ ਪੱਧਰ ਫਿਰ ਘਟਿਆ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਈ 19

ਵਜ਼ੀਰਾਬਾਦ ’ਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਇਸ ਕਾਰਨ ਵਜ਼ੀਰਾਬਾਦ ’ਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਇਕ ਹਫ਼ਤੇ ’ਚ ਸਾਢੇ ਪੰਜ ਫੁੱਟ ਤੋਂ ਵੱਧ ਘਟ ਗਿਆ ਹੈ। ਇਸ ਕਾਰਨ ਜਲ ਬੋਰਡ ਦੇ ਵਜ਼ੀਰਾਬਾਦ, ਚੰਦਰਵਾਲ ਅਤੇ ਓਖਲਾ ਵਾਟਰ ਟ੍ਰੀਟਮੈਂਟ ਪਲਾਂਟਾਂ ਤੋਂ ਪਾਣੀ ਦੀ ਸਪਲਾਈ ਘੱਟ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਕਿੱਲਤ ਵਧ ਰਹੀ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਰਾਜਧਾਨੀ ’ਚ ਪੀਣ ਵਾਲੇ ਪਾਣੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਜਲ ਬੋਰਡ ਮੁਤਾਬਿਕ ਵਜ਼ੀਰਾਬਾਦ ’ਚ ਯਮੁਨਾ ਨਦੀ ਦਾ ਜਲ ਪੱਧਰ ਕਰੀਬ ਤਿੰਨ ਹਫ਼ਤੇ ਪਹਿਲਾਂ ਘਟਣਾ ਸ਼ੁਰੂ ਹੋਇਆ ਸੀ ਪਰ ਇਕ ਹਫ਼ਤੇ ਪਹਿਲਾਂ ਸਮੱਸਿਆ ਹੋਰ ਵੱਧ ਗਈ।

ਵਜ਼ੀਰਾਬਾਦ ਬੈਰਾਜ ਨੇੜੇ ਯਮੁਨਾ ਨਦੀ ਦਾ ਪਾਣੀ ਦਾ ਪੱਧਰ 674.50 ਫੁੱਟ ਹੋਣਾ ਚਾਹੀਦਾ ਹੈ। 12 ਮਈ ਨੂੰ ਪਾਣੀ ਦਾ ਪੱਧਰ 671.80 ਫੁੱਟ ਤਕ ਡਿਗ ਗਿਆ ਸੀ। ਉਦੋਂ ਤੋਂ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। 17 ਮਈ ਨੂੰ ਪਾਣੀ ਦਾ ਪੱਧਰ 669 ਫੁੱਟ ਸੀ, ਜੋ ਹੁਣ ਡਿਗ ਕੇ 668.9 ਫੁੱਟ ਰਹਿ ਗਿਆ।

ਤਿੰਨ ਹਫ਼ਤਿਆਂ ’ਚ ਜਲ ਬੋਰਡ ਨੇ ਹਰਿਆਣਾ ਦੇ ਸਿੰਚਾਈ ਵਿਭਾਗ ਨੂੰ ਪੰਜ ਵਾਰ ਪੱਤਰ ਲਿਖ ਕੇ 150 ਕਿਊਸਿਕ ਵਾਧੂ ਪਾਣੀ ਛੱਡਣ ਦੀ ਮੰਗ ਕੀਤੀ ਹੈ ਪਰ ਹੁਣ ਤਕ ਸਥਿਤੀ ’ਚ ਸੁਧਾਰ ਨਹੀਂ ਹੋਇਆ। ਇਸ ਕਾਰਨ ਉੱਤਰੀ, ਉੱਤਰ-ਪੱਛਮੀ, ਮੱਧ ਅਤੇ ਦੱਖਣੀ ਦਿੱਲੀ ਦੇ ਕਈ ਖੇਤਰਾਂ ਸਮੇਤ ਨਵੀਂ ਦਿੱਲੀ ਨਗਰ ਕੌਂਸਲ (ਐੱਨਡੀਐੱਮਸੀ) ਖੇਤਰਾਂ ’ਚ ਵੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਜਲ ਬੋਰਡ ਅਨੁਸਾਰ ਦਿੱਲੀ ਨੂੰ 1,260 ਐੱਮਜੀਡੀ ਦੀ ਲੋੜ ਹੁੰਦੀ ਹੈ। ਜਲ ਬੋਰਡ ਆਮ ਤੌਰ ’ਤੇ 950 ਐਮਜੀਡੀ ਪਾਣੀ ਦੀ ਸਪਲਾਈ ਕਰਦਾ ਹੈ ਪਰ ਇਸ ਵਾਰ ਟਿਊਬਵੈੱਲਾਂ ਰਾਹੀਂ ਪਾਣੀ ਦੀ ਸਪਲਾਈ ਵਧਾ ਦਿੱਤੀ ਗਈ ਹੈ। ਇਸ ਕਾਰਨ ਪਿਛਲੇ ਸਮੇਂ ’ਚ ਜਲ ਬੋਰਡ 990 ਐਮਜੀਡੀ ਪਾਣੀ ਦੀ ਸਪਲਾਈ ਕਰ ਰਿਹਾ ਸੀ।

Facebook Page:https://www.facebook.com/factnewsnet

See videos:https://www.youtube.com/c/TheFACTNews/videos