ਵਿਦੇਸ਼

ਅਮਰੀਕਾ ਦੇ ਸਪੇਸ ਐਕਸ ਦੀ ਉਡਾਣ ਸਫਲ ਮਿਸ਼ਨ ਤੋਂ ਬਾਅਦ ਧਰਤੀ ‘ਤੇ ਵਾਪਸ ਪਰਤੀ

ਫ਼ੈਕਟ ਸਮਾਚਾਰ ਸੇਵਾ ਫਰਿਜ਼ਨੋ , ਸਤੰਬਰ 20

ਸਪੇਸ ਐਕਸ ਵਲੋਂ ਬਿਨਾਂ ਕਿਸੇ ਪੇਸ਼ੇਵਰ ਪੁਲਾੜ ਯਾਤਰੀ ਦੇ ਚਾਰ ਨਾਗਰਿਕਾਂ ਨੂੰ ਸਪੇਸ ਵਿੱਚ ਭੇਜਿਆ ਗਿਆ ਸੀ, ਜੋ ਕਿ ਤਿੰਨ ਦਿਨਾਂ ਦੀ ਪੁਲਾੜ ਯਾਤਰਾ ਤੋਂ ਬਾਅਦ ਫਲੋਰਿਡਾ ਵਿੱਚ ਸਫਲਤਾਪੂਰਵਕ ਵਾਪਸ ਪਰਤੇ ਹਨ। ਇਹਨਾਂ ਯਾਤਰੀਆਂ ਸਮੇਤ ਡਰੈਗਨ ਕੈਪਸੂਲ ਸ਼ਾਮ 7 ਵਜੇ ਤੋਂ ਬਾਅਦ ਸਮੁੰਦਰੀ ਤੱਟ ‘ਤੇ ਉਤਰਿਆ।

ਵਾਪਸੀ ਦੌਰਾਨ ਇਹ ਕੈਪਸੂਲ 17,500 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਯਾਤਰਾ ਕਰ ਰਿਹਾ ਸੀ। ਤਕਰੀਬਨ 18,000 ਫੁੱਟ ਦੀ ਉਚਾਈ ‘ਤੇ ਪੈਰਾਸ਼ੂਟ ਖੁੱਲ੍ਹਣ ‘ਤੇ ਇਸਦੀ ਰਫਤਾਰ ਤਕਰੀਬਨ 350 ਮੀਲ ਪ੍ਰਤੀ ਘੰਟਾ ਹੋ ਗਈ ਅਤੇ ਸਮੁੰਦਰ ਨਾਲ ਟਕਰਾਉਣ ਤੋਂ ਪਹਿਲਾਂ ਇਹ 119 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹੌਲੀ ਹੋ ਗਿਆ। ਅਖੀਰ ਵਿੱਚ ਇਹ ਅਟਲਾਂਟਿਕ ਮਹਾਂਸਾਗਰ ਵਿੱਚ ਉੱਤਰ ਗਿਆ।

ਸਪੇਸ ਐਕਸ ਦੇ ‘ਇੰਸਪਾਈਰੈਸ਼ਨ 4’ ਨਾਮ ਦੇ ਇਸ ਮਿਸ਼ਨ ਨੇ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਇਸ ‘ਚ ਨਾਗਰਿਕਾਂ ਨੇ ਧਰਤੀ ਤੋਂ ਬਾਹਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵੀ ਉੱਪਰ ਯਾਤਰਾ ਕੀਤੀ ਹੈ। ਸਪੇਸ ਐਕਸ , ਟੇਸਲਾ ਇੰਕ ਇਲੈਕਟ੍ਰਿਕ ਵਾਹਨ ਨਿਰਮਾਤਾ ਦੇ ਸੀ ਈ ਓ ਐਲਨ ਮਸਕ ਵਲੋਂ ਸਥਾਪਤ ਕੀਤੀ ਗਈ ਪ੍ਰਾਈਵੇਟ ਰਾਕੇਟ ਕੰਪਨੀ ਹੈ। ਸਪੇਸ ਐਕਸ ਨੇ ਇਸ ਮਿਸ਼ਨ ਲਈ ਪੁਲਾੜ ਯਾਨ ਨੂੰ ਫਲੋਰਿਡਾ ਤੋਂ ਲਾਂਚ ਕੀਤਾ ਸੀ।

More from this section