ਦੇਸ਼-ਦੁਨੀਆ

ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਜਾਰੀ, ਤਿਉਹਾਰਾਂ ’ਤੇ ਸਾਵਧਾਨੀ ਜ਼ਰੂਰੀ : ਕੇਂਦਰ ਸਰਕਾਰ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਸਤੰਬਰ 10

ਦੇਸ਼ ਵਿਚ ਕੋਰੋਨਾ ਦੇ ਵਧਦੇ-ਘਟਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਮਹਾਮਾਰੀ ਦੀ ਦੂਜੀ ਲਹਿਰ ’ਤੇ ਵੱਡਾ ਬਿਆਨ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਅਜੇ ਵੀ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਹਾਲਤ ’ਚ ਤਿਉਹਾਰ ਮਨਾਉਣ ਦੌਰਾਨ ਸਾਵਧਾਨੀ ਰੱਖਣੀ ਬਹੁਤ ਜ਼ਰੂਰੀ ਹੈ। ਕੇਂਦਰੀ ਸਿਹਤ ਸਕੱਤਰ ਬਲਰਾਮ ਭਾਰਗਵ ਨੇ ਕਿਹਾ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ’ਚ 43,263 ਮਾਮਲੇ ਦਰਜ ਕੀਤੇ ਗਏ ਹਨ। ਕੇਰਲ ਵਿਚ 32 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਪਿਛਲੇ ਹਫਤੇ ਆਏ ਕੁਲ ਕੋਰੋਨਾ ਪ੍ਰਭਾਵਿਤਾਂ ਦੇ 68 ਫੀਸਦੀ ਮਾਮਲੇ ਕੇਰਲ ਵਿਚ ਹੀ ਰਿਪੋਰਟ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ 35 ਜ਼ਿਲਿਆਂ ਵਿਚ ਅਜੇ ਵੀ ਕੋਰੋਨਾ ਦੀ ਹਫਤਾਵਾਰੀ ਇਨਫੈਕਸ਼ਨ ਦਰ 10 ਫੀਸਦੀ ਤੋਂ ਵੱਧ ਹੈ। ਇਸੇ ਤਰ੍ਹਾਂ 30 ਜ਼ਿਲੇ ਅਜਿਹੇ ਹਨ, ਜਿਨ੍ਹਾਂ ਵਿਚ ਹਫਤਾਵਾਰੀ ਇਨਫੈਕਸ਼ਨ ਦਰ 5 ਤੋਂ 10 ਫੀਸਦੀ ਦੇ ਵਿਚਕਾਰ ਹੈ।

ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਹੁਣ ਤਕ ਵੈਕਸੀਨ ਦੀਆਂ 72 ਕਰੋੜ ਡੋਜ਼ ਲਾ ਚੁੱਕੇ ਹਾਂ। ਮਈ ਵਿਚ ਅਸੀਂ ਔਸਤ 20 ਲੱਖ ਟੀਕੇ ਰੋਜ਼ਾਨਾ ਲਾਉਂਦੇ ਸੀ। ਸਤੰਬਰ ਵਿਚ 78 ਲੱਖ ਟੀਕੇ ਰੋਜ਼ਾਨਾ ਔਸਤ ਲੱਗ ਰਹੇ ਹਨ। ਦੂਜੇ ਪਾਸੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ. ਕੇ. ਪਾਲ ਨੇ ਦੱਸਿਆ ਕਿ ਹੁਣ ਤਕ 18 ਸਾਲ ਤੋਂ ਵੱਧ ਉਮਰ ਦੇ 58 ਫੀਸਦੀ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਇਨ੍ਹਾਂ ਵਿਚੋਂ 1 ਫੀਸਦੀ ਲੋਕਾਂ ਨੇ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਵੀ ਲਵਾ ਲਈ ਹੈ।