ਦੇਸ਼-ਦੁਨੀਆ

ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ

ਫ਼ੈਕ੍ਟ ਸਮਾਚਾਰ ਸੇਵਾ
ਜੰਮੂ ਅਗਸਤ 06
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ 2 ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਥਾਣਾਮੰਡੀ ਦੇ ਜੰਗਲਾਤ ਖੇਤਰ ‘ਚ ਮੁਹਿੰਮ ਹਾਲੇ ਵੀ ਜਾਰੀ ਹੈ ਅਤੇ ਹੁਣ ਤੱਕ 2 ਅੱਤਵਾਦੀ ਮਾਰੇ ਗਏ ਹਨ। ਜੰਮੂ ਖੇਤਰ ਦੇ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ (ਏ.ਡੀ.ਜੀ.ਪੀ.) ਮੁਕੇਸ਼ ਸਿੰਘ ਨੇ ਕਿਹਾ,”ਇਹ ਤਿੰਨ-ਚਾਰ ਅੱਤਵਾਦੀਆਂ ਦਾ ਇਕ ਸਮੂਹ ਹੈ, ਜਿਨ੍ਹਾਂ ‘ਚੋਂ 2 ਵਿਦੇਸ਼ੀ ਅੱਤਵਾਦੀ ਹਨ। ਸਾਨੂੰ ਲੱਗਦਾ ਹੈ ਕਿ ਉਹ ਕਸ਼ਮੀਰ ਤੋਂ ਇਸ ਵੱਲ ਆਏ ਹਨ।” ਸਿੰਘ ਨੇ ਦੱਸਿਆ ਕਿ ਸੁਰੱਖਿਆ ਫ਼ੋਰਸ ਜ਼ਿਲ੍ਹੇ ਦੇ ਜੰਗਲਾਤ ਖੇਤਰ ‘ਚ ਪਿਛਲੇ ਇਕ ਮਹੀਨੇ ਤੋਂ ਅੱਤਵਾਦੀਆਂ ਦੇ ਇਕ ਸਮੂਹ ਦੀ ਤਲਾਸ਼ ਕਰ ਰਹੇ ਸਨ। ਉਨ੍ਹਾਂ ਕਿਹਾ,”ਅੱਜ, ਸਾਨੂੰ ਇਸ ਸੰਬੰਧ ‘ਚ ਥਾਣਾਮੰਡੀ ਤੋਂ ਜਾਣਕਾਰੀ ਮਿਲੀ ਅਤੇ ਜੰਗਲਾਤ ਖੇਤਰ ‘ਚ ਅੱਤਵਾਦੀਆਂ ਤੱਕ ਪਹੁੰਚਦੇ ਹੀ ਮੁਕਾਬਲਾ ਸ਼ੁਰੂ ਹੋ ਗਿਆ।” ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ ‘ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫ਼ੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਰਾਜੌਰੀ ਦੀ ਪੁਲਸ ਸੁਪਰਡੈਂਟ ਸ਼ੀਮਾ ਨਬੀ ਕਸਬਾ ਮੁਹਿੰਮ ਦੀ ਨਿਗਰਾਨੀ ਕਰ ਰਹੀ ਹੈ।