ਪੰਜਾਬ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਲਾਗੇ ਵਾਪਰੇ ਦਰਦਨਾਕ ਹਾਦਸੇ ਦਾ ਹੋਇਆ ਖੁਲਾਸਾ

ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ, ਚਾਰ ਦੀ ਗਈ ਜਾਨ
ਫੈਕਟ ਸਮਾਚਾਰ ਸੇਵਾ
ਮੁਹਾਲੀ, ਨਵੰਬਰ 30

ਬੀਤੇ ਐਤਵਾਰ ਮੋਹਾਲੀ ਜਿਲ੍ਹੇ ਵਿਚ ਇਕ ਦਰਦਨਾਕ ਹਾਦਸਾ ਹੋਇਆ ਸੀ ਜਿਸ ਵਿਚ ਚਾਰ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਾਦਸੇ ਦੀ ਅੱਜ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਹਾਦਸੇ ਦਾ ਕਾਰਨ ਇਹ ਸਪਸ਼ਟ ਹੋਇਆ ਹੈ ਕਿ ਕਾਰ ਦੀ ਰਫ਼ਤਾਰ ਹੀ ਏਨੀ ਜਿ਼ਆਦਾ ਸੀ ਕਿ ਸੱਭ ਕੁੱਝ ਬੇਕਾਬੂ ਹੋ ਗਿਆ।

ਜਾਂਚ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੁਪਹਿਰ 2.30 ਵਜੇ ਦੇ ਕਰੀਬ ਚਾਰ ਵਿਅਕਤੀ ਸੰਜੀਤ ਕੁਮਾਰ, ਵਿਕਰਮਜੀਤ ਸਿੰਘ, ਅੰਕੁਸ਼ ਅਤੇ ਰਾਹੁਲ ਯਾਦਵ ਇੱਕ ਹੁੰਡਈ ਵਰਨਾ ਕਾਰ ਵਿਚ ਲੁਧਿਆਣਾ ਜਾ ਰਹੇ ਸਨ। ਜਦੋਂ ਕਾਰ ਚੰਡੀਗੜ੍ਹ ਯੂਨੀਵਰਸਿਟੀ ਨੇੜੇ ਘੜੂੰਆਂ ਪਿੰਡ ਪਹੁੰਚੀ ਤੇ ਕੰਟਰੋਲ ਗੁਆ ਬੈਠੀ ਅਤੇ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ।

ਦਰਅਸਲ ਐਤਵਾਰ ਨੂੰ ਚੰਡੀਗੜ੍ਹ-ਲੁਧਿਆਣਾ ਹਾਈਵੇਅ ‘ਤੇ ਪਿੰਡ ਘੜੂੰਆਂ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋ ਗਏ ਸਨ। ਤੇਜ਼ ਰਫ਼ਤਾਰ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਤੇ ਸੜਕ ਕੰਢੇ ਖੜ੍ਹੇ ਦੋ ਵਿਅਕਤੀਆਂ ਨੂੰ ਘੜੀਸਦੀ ਹੋਈ ਨਾਲ ਲੈ ਗਈ ਤੇ ਵਿਅਕਤੀਆਂ ਦੇ ਚੀਥੜੇ ਉਡ ਗਏ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ, ਅਤੇ ਘੱਟੋ ਘੱਟ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਪੁਲਿਸ ਅਨੁਸਾਰ ਚਾਰ ਮਰਨ ਵਾਲਿਆਂ ਵਿਚ ਤੇਜ਼ ਰਫ਼ਤਾਰ ਕਾਰ ਦੇ ਦੋ ਸਵਾਰ ਅਤੇ ਦੋ ਰਾਹਗੀਰ ਸ਼ਾਮਲ ਹਨ। ਜਾਂਚ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਸੰਜੀਤ ਕੁਮਾਰ, ਵਿਕਰਮਜੀਤ ਸਿੰਘ, ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਵਜੋਂ ਕੀਤੀ ਹੈ। ਜ਼ਖਮੀਆਂ ਦੀ ਪਛਾਣ ਅੰਕੁਸ਼ ਅਤੇ ਰਾਹੁਲ ਯਾਦਵ ਵਜੋਂ ਹੋਈ ਹੈ, ਸੰਜੀਤ ਕੁਮਾਰ, ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਵਿਕਰਮਜੀਤ ਨੇ ਸੈਕਟਰ 16, ਚੰਡੀਗੜ੍ਹ ਲਿਜਾਂਦੇ ਸਮੇਂ ਦਮ ਤੋੜ ਦਿੱਤਾ।

ਘੜੂੰਆਂ ਦੇ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਸਬ-ਇੰਸਪੈਕਟਰ ਹਿੰਮਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਾਰ ਚਾਲਕ ਨੇ ਗੱਡੀ ਤੋਂ ਕੰਟਰੋਲ ਕਿਵੇਂ ਗੁਆ ਦਿੱਤਾ।

Visit Facebook Page: https://www.facebook.com/factnewsnet

See videos:https://www.youtube.com/c/TheFACTNews/videos