ਹਰਿਆਣਾ

ਬੜਖਲ੍ਹ ਝੀਲ ਲਈ ਫਰਵਰੀ ਤੱਕ ਬਣ ਕੇ ਤਿਆਰ ਹੋ ਜਾਵੇਗਾ ਵਾਟਰ ਟਰੀਟਮੈਂਟ ਪਲਾਂਟ

ਫ਼ੈਕ੍ਟ ਸਮਾਚਾਰ ਸੇਵਾ ਫਰੀਦਾਬਾਦ, ਅਗਸਤ 31

ਹਰਿਆਣਾ ਦੇ ਸੈਲਾਨੀ ਕੇਂਦਰਾਂ ਵਿੱਚ ਕਦੇ ਸ਼ੁਮਾਰ ਰਹੀ ਬੜਖਲ੍ਹ ਝੀਲ ਵਿੱਚ ਪਾਣੀ ਭਰਨ ਲਈ ਸੈਕਟਰ-21 ਏ ਵਿਚ ਬਣਾਇਆ ਜਾ ਰਿਹਾ ਪਾਣੀ ਟਰੀਟਮੈਂਟ ਪਲਾਂਟ ਫਰਵਰੀ ਤੱਕ ਬਣ ਕੇ ਤਿਆਰ ਹੋ ਜਾਵੇਗਾ। ਕਰੋਨਾ ਕਾਲ ਦੌਰਾਨ ਇਸ ਪਲਾਂਟ ਦਾ ਕੰਮ ਰੋਕਣਾ ਪਿਆ ਤੇ ਆਖ਼ਰੀ ਤਰੀਕਾਂ ਅੱਗੇ ਖਿਸਕਦੀਆਂ ਰਹੀਆਂ। ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਰਵਰੀ 2022 ਤੋਂ ਇਸ ਪਲਾਂਟ ਤੋਂ ਸ਼ੁੱਧ ਕੀਤਾ ਪਾਣੀ ਬੜਖਲ੍ਹ ਝੀਲ ਵਿੱਚ ਪਾਈਪ ਰਾਹੀਂ ਪਾਉਣਾ ਸ਼ੁਰੂ ਹੋ ਜਾਵੇਗਾ। ਇਸ ਪਲਾਂਟ ਵਿੱਚ ਵਿਸ਼ੇਸ਼ ਤਕਨੀਕ ਇਸਤੇਮਾਲ ਕੀਤੀ ਗਈ ਹੈ ਜਿਸ ਨਾਲ ਪਾਣੀ ਪੂਰੀ ਤਰ੍ਹਾਂ ਸਾਫ਼ ਹੋ ਸਕੇਗਾ। ਪਲਾਂਟ ਰੋਜ਼ਾਨਾ 10 ਐਮਐਲਡੀ ਪਾਣੀ ਸਾਫ਼ ਕਰੇਗਾ ਜੋ ਰੋਜ਼ਾਨਾ ਝੀਲ ਤੱਕ ਪਹੁੰਚੇਗਾ। ਜਿਉਂ ਹੀ ਝੀਲ ਭਰ ਜਾਵੇਗੀ ਤਾਂ ਪਲਾਂਟ ਦੇ ਪਾਣੀ ਦਾ ਇਸਤੇਮਾਲ ਸ਼ਹਿਰ ਵਾਸੀਆਂ ਲਈ ਹੋਣ ਲੱਗੇਗਾ।

ਬੜਖਲ੍ਹ ਵਿਧਾਨ ਸਭਾ ਹਲਕੇ ਤੋਂ ਵਿਧਾਇਕਾ ਸੀਮਾ ਤ੍ਰਿਖਾ ਨੇ ਜੂਨ 2015 ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਝੀਲ ਮੁੜ ਗੁਲਜ਼ਾਰ ਕਰਨ ਦਾ ਐਲਾਨ ਕਰਵਾਇਆ ਸੀ। ਇਸੇ ਦੌਰਾਨ ਵਿਤ ਕਮਿਸ਼ਨਰ ਨੇ ਵਣ ਮਹਿਕਮੇ ਨੂੰ ਪੱਤਰ ਦੇ ਕੇ ਝੀਲ ਤੱਕ ਪਾਣੀ ਪੁੱਜਦਾ ਕਰਨ ਲਈ ਉਸਾਰੀ ਆਦਿ ਤੇ ਹੋਰ ਰਸਮਾਂ ਪੂਰੀਆਂ ਕਰਨ ਲਈ ‘ਕੋਈ ਇਤਰਾਜ਼ ਨਹੀਂ’ ਦਾ ਪ੍ਰਮਾਣ ਪੱਤਰ ਲੈਣ ਲਈ ਚਿੱਠੀ ਲਿਖੀ। ਬੜਖਲ੍ਹ ਤੇ ਅਣਖੀਰ ਪਿੰਡਾਂ ਦੇ ਖੇਤਰ ਵਿੱਚ ਪੈਣ ਵਾਲੀ ਬੜਖਲ੍ਹ ਝੀਲ ਵਾਲੀ ਜ਼ਮੀਨ ਨੂੰ ਸੈਰ ਸਪਾਟਾ ਵਿਭਾਗ ਨੇ ਐਕੁਆਇਰ ਕੀਤਾ ਸੀ। ਇੱਥੇ 1980 ਵਿੱਚ ਜੰਗਲਾਤ ਕਾਨੂੰਨ ਲਾਗੂ ਕੀਤਾ ਗਿਆ ਸੀ। ਇਸ ਐਕਟ ਤੋਂ ਪਹਿਲਾਂ ਹੀ ਜ਼ਮੀਨ ਦੀ ਮਾਲਕੀ ਸੈਰ ਸਪਾਟਾ ਵਿਭਾਗ ਦੇ ਕੋਲ ਆ ਚੁੱਕੀ ਸੀ। ਝੀਲ ਵਿੱਚ ਇੱਕ ਡੈਮ ਬਣਾਉਣ ਅਤੇ ਅੰਦਰ ਦਰੱਖਤਾਂ ਤੇ ਝਾੜੀਆਂ ਨੂੰ ਕੱਟਣ ਲਈ ਜੰਗਲਾਤ ਵਿਭਾਗ ਤੋਂ ਐਨਓਸੀ ਮੰਗੀ ਗਈ ਹੈ।