ਪੰਜਾਬ

ਜਬਰ ਜਨਾਹ ਕੇਸ ਵਿਚ ਸਿਮਰਜੀਤ ਬੈਂਸ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ : ਅਕਾਲੀ ਦਲ

ਫ਼ੈਕ੍ਟ ਸਮਾਚਾਰ ਸੇਵਾ ਲੁਧਿਆਣਾ, ਜੁਲਾਈ 23

ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਜਬਰ ਜਨਾਹ ਕੇਸ ਵਿਚ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਫੈਸਲਾ ਰੱਦ ਕਰਨ ਦੀ ਉਸਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹੇਠਲੀ ਅਦਾਲਤ ਨੇ ਬੈਂਸ ਖਿਲਾਫ ਜਬਰ ਜਨਾਹ, ਸਾਜ਼ਿਸ਼ ਰਚਣ ਤੇ ਡਰਾਉਣ ਧਮਕਾਉਣ ਦਾ ਕੇਸ ਦਰਜ ਕਰਨ ਦੀ ਹਦਾਇਤ ਕੀਤੀ ਸੀ।

ਇਸ ਬਾਰੇ ਗੱਲ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਹਰੀਸ਼ ਰਾਏ ਢਾਂਡਾ ਨੇ ਹਾਈ ਕੋਰਟ ਦੇ ਫੈਸਲੇ ਨੂੰ ਅਦਾਲਤਾ ਦੀ ਬਦੌਲਤ ਮਨੁੱਖੀ ਅਧਿਕਾਰਾਂ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਤਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਰਲ ਕੇ ਮੁਲਜ਼ਮਾਂ ਨੁੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਹੁਣ ਜਦੋਂ ਬੈਂਸ ਦੀ ਅਪੀਲ ਰੱਦ ਹੋ ਗਈ ਹੈ ਤਾਂ ਫਿਰ ਸਰਕਾਰ ਨੂੰ ਉਹਨਾਂ ਪੁਲਿਸ ਅਫਸਰਾਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ ਜਿਹਨਾਂ ਨੇ 8 ਮਹੀਨਿਆਂ ਤੱਕ ਬੈਂਸ ਦਾ ਬਚਾਅ ਕੀਤਾ ਤੇ ਸਥਾਨਕ ਅਦਾਲਤ ਦੇ ਹੁਕਮਾਂ ਦੇ ਬਾਵਜੂਦ 4 ਦਿਨਾਂ ਤੱਕ ਬੈਂਸ ਦੇ ਖਿਲਾਫ ਕੇਸ ਦਰਜ ਨਹੀਂ ਕੀਤਾ।ਉਹਨਾਂ ਕਿਹਾ ਕਿ ਮੰਤਰੀ ਵੱਲੋਂ ਬੈਂਸ ਦਾ ਬਚਾਅ ਕਰਨ ਵਿਚ ਨਿਭਾਈ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਹਰੀਸ਼ ਰਾਏ ਢਾਂਡਾ ਨੇ 44 ਸਾਲਾ ਪੀੜਤ ਵਿਧਵਾ ਵੱਲੋਂ ਵਿਖਾਈ ਦਲੇਰੀ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਨਾ ਸਿਰਫ ਬੈਂਸ ਹੱਥੋਂ ਜਬਰ ਜਨਾਹ ਤੇ ਲੁੱਟ ਖਸੁੱਟ ਦਾ ਸ਼ਿਕਾਰ ਹੋਈ ਬਲਕਿ ਬਾਅਦ ਵਿਚ ਵੀ ਉਸਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਸ ਕੇਸ ਵਿਚ ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਮਗਰੋਂ ਉਹਨਾਂ ਨੁੰ ਨਿਆਂ ਮਿਲੇਗਾ।

ਅਕਾਲੀ ਆਗੂ ਨੇ ਭਾਰਤ ਭੂਸ਼ਣ ਆਸ਼ੂ ਵੱਲੋਂ ਸਿਮਰਜੀਤ ਬੈਂਸ ਦਾ ਬਚਾਅ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਬੈਂਸ ਵਰਗੇ ਗੁੰਡੇ ਅਨਸਰਾਂ ਨੂੰ ਉਤਸ਼ਾਹ ਮਿਲਿਆ ਹੈ ਤੇ ਸੂਬੇ ਦਾ ਮਾਹੌਲ ਖਰਾਬ ਹੋਇਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਤੁਰੰਤ ਐਫ ਆਈ ਆਰ ਦਰਜ ਕਰਨ ਦੀ ਸੁਪਰੀਮ ਕੋਰਟ ਦੀ ਹਦਾਇਤ ਦੀ ਪਾਲਣਾ ਵੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪੁਲਿਸ ਕਮਿਸ਼ਨਰ ਦੇ ਦਫਤਰ ਮੂਹਰੇ ਧਰਨਾਂ ਲਗਾ ਕੇ ਤੇ ਖੁਰਾਕ ਤੇ ਸਪਲਾਈ ਮੰਤਰੀ ਦੇ ਘਰ ਦਾ ਘਿਰਾਓ ਕਰ ਕੇ ਸਥਾਨਕ ਪੁਲਿਸ ਨੁੰ ਬੈਂਸ ਖਿਲਾਫ ਕਾਰਵਾਈ ਕਰਨ ਲਈਮਜਬੂਰ ਕੀਤਾ। ਉਹਨਾਂ ਕਿਹਾ ਕਿ ਅਸੀਂ ਪੀੜਤਾ ਨੂੰ ਕੇਸ ਵਿਚ ਇਨਸਾਫ ਮਿਲਣ ਤੱਕ ਉਸ ਨਾਲ ਡੱਟ ਕੇ ਖੜ੍ਹੇ ਰਹਾਂਗੇ ਤੇ ਜਾਣ ਬੁੱਝ ਕੇ ਬੈਂਸ ਦਾ ਬਚਾਅ ਕਰਨ ਤੇ ਜਬਰ ਜਨਾਹ ਪੀੜਤਾ ਨੂੰ ਇਨਸਾਫ ਨਾ ਦੇਣ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਲਈ ਵੀ ਯਤਨਸ਼ੀਲ ਰਹਾਂਗੇ।

More from this section