ਫ਼ਿਲਮੀ ਗੱਲਬਾਤ

‘ਦਿ ਕਪਿਲ ਸ਼ਰਮਾ ਸ਼ੋਅ’ ਦੇ ਪ੍ਰਸਾਰਣ ਦੀਆਂ ਤਿਆਰੀਆਂ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਅਗਸਤ 3

ਟੀ. ਵੀ. ਦੇ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਨਵਾਂ ਸੀਜ਼ਨ 21 ਅਗਸਤ ਤੋਂ ਪ੍ਰਸਾਰਿਤ ਹੋਵੇਗਾ। ਇਸ ਲਈ ਮੇਕਰਜ਼ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ ’ਚ ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ’ਚ ਕਪਿਲ ਸ਼ਰਮਾ ਆਪਣੀ ਟੀਮ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।

‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਦੇ ਪਹਿਲੇ ਮਹਿਮਾਨ ਦਾ ਵੀ ਖ਼ੁਲਾਸਾ ਹੋ ਚੁੱਕਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕਸ਼ੇ ਕੁਮਾਰ ਅਤੇ ਫ਼ਿਲਮ ‘ਬੈੱਲ ਬੌਟਮ’ ਦੀ ਟੀਮ ਸ਼ੋਅ ਦੇ ਪਹਿਲੇ ਮਹਿਮਾਨ ਹੋਣਗੇ। ਇਹ ਸਾਰੇ ਲੋਕ ਫ਼ਿਲਮ ‘ਬੈੱਲ ਬੌਟਮ’ ਦੀ ਪ੍ਰਮੋਸ਼ਨ ਕਰਦੇ ਦਿਖਾਈ ਦੇਣਗੇ। ਸ਼ੋਅ ਦੇ ਪਹਿਲੇ ਐਪੀਸੋਡ ’ਚ ਬਹੁਤ ਧਮਾਲ ਤੇ ਮਸਤੀ ਹੋਣ ਵਾਲੀ ਹੈ।

ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ‘ਬੈੱਲ ਬੌਟਮ’ ਪਹਿਲੀ ਵੱਡੀ ਫ਼ਿਲਮ ਹੋਵੇਗੀ, ਜੋ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ‘ਬੈੱਲ ਬੌਟਮ’ ਦਾ ਟਰੇਲਰ ਰਿਲੀਜ਼ ਹੋਣ ਵਾਲਾ ਹੈ। ਪ੍ਰਸ਼ੰਸਕ ਫ਼ਿਲਮ ਦੇ ਟਰੇਲਰ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਜਾਸੂਸ ਦੀ ਕਹਾਣੀ ’ਤੇ ਆਧਾਰਿਤ ਹੈ। ਫ਼ਿਲਮ ’ਚ ਅਕਸ਼ੇ ਕੁਮਾਰ ਤੋਂ ਇਲਾਵਾ ਲਾਰਾ ਦੱਤਾ, ਹੁਮਾ ਕੁਰੈਸ਼ੀ ਤੇ ਵਾਣੀ ਕਪੂਰ ਵੀ ਅਹਿਮ ਭੂਮਿਕਾ ’ਚ ਹਨ।

‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕਾਫੀ ਬਦਲਾਅ ਕੀਤਾ ਗਿਆ ਹੈ। ਸ਼ੋਅ ’ਚ ਨਵੇਂ ਕਿਰਦਾਰਾਂ ਨੂੰ ਵੀ ਜੋੜਿਆ ਗਿਆ ਹੈ, ਜਦਕਿ ਸੁਮੋਨਾ ਚੱਕਰਵਰਤੀ ਇਸ ਵਾਰ ਸ਼ੋਅ ’ਚ ਦਿਖਾਈ ਨਹੀਂ ਦੇਵੇਗੀ।

More from this section